ਬਾਦਲ-ਮਜੀਠੀਆ ਕੁੰਭ ਕਰਨ ਦੀ ਨੀਂਦੋਂ ਜਾਗੋ। ਨਹੀਂ ਤਾਂ 22 ਨੂੰ ਮਾਝੇ 'ਚ ਪਾਰਟੀ ਤਬਾਹ ਹੋਜੂ ? ਲੰਗਾਹ ਦਾ ਐਲਾਨ ਪਾਰਟੀ ਤੇ ਕਰਾਂਗੇ ਕਬਜ਼ਾ ? ਕੀ ਚੀਮਾ ਛੱਡਣਗੇ ਮੈਦਾਨ ਜਾਂ......?

ਬਾਦਲ-ਮਜੀਠੀਆ ਕੁੰਭ ਕਰਨ ਦੀ ਨੀਂਦੋਂ ਜਾਗੋ।

ਨਹੀਂ ਤਾਂ 22 ਨੂੰ ਮਾਝੇ 'ਚ ਪਾਰਟੀ ਤਬਾਹ ਹੋਜੂ ?

ਲੰਗਾਹ ਦਾ ਐਲਾਨ ਪਾਰਟੀ ਤੇ ਕਰਾਂਗੇ ਕਬਜ਼ਾ ?

ਕੀ ਚੀਮਾ ਛੱਡਣਗੇ ਮੈਦਾਨ ਜਾਂ......?

ਗੁਰਦਾਸਪੁਰ/ਚੰਡੀਗੜ੍ਹ 

(ਸੈਂਡੀ ਗਿੱਲ,ਬਲਵਿੰਦਰ ਪੱਖੋਕੇ,ਸਰਬਜੀਤ)

ਸ਼ਹਿਰਾਂ ਦੀਆਂ ਨੁਕੜਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਕਥਿਤ ਤੌਰ,ਤੇ ਬਹੁਤ ਵੱਡੀ ਚਰਚਾ ਸੁਣਨ ਨੂੰ ਮਿਲ ਰਹੀ ਹੈ,ਕਿ ਅਕਾਲੀ ਦਲ ਨੂੰ ਜਾਂ,ਤਾਂ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੈ,ਜਾਂ ਫਿਰ ਸ਼ਹੀਦਾਂ ਦਾ ਸ਼ਰਾਪ। 

ਜਿਸ ਤਰ੍ਹਾਂ ਦੀ ਫੁੱਟ ਅਤੇ ਬਗਾਵਤ ਦਾ ਅਕਾਲੀ ਦਲ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ,ਉਹ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। 

ਸਿਆਣੇ ਕਹਿੰਦੇ ਜਦੋਂ ਸਿਆਸੀ ਹਾਲਾਤ ਵਿਰੋਧੀ ਹੋ ਜਾਣ ਅਤੇ ਸਮਾਂ ਖੜੱਪੇ ਸੱਪ ਵਾਂਗੂ ਫਨ ਖਿਲਾਰ ਲਵੇ,ਤਾਂ ਉਸ ਵਕਤ ਜਜਬਾਤਾਂ ਜਾਂ ਦਿਲ ਤੋਂ ਨਹੀਂ,ਬਲਕਿ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ।

ਪਰ ਕਥਿਤ ਚਰਚਾ ਹੈ,ਕਿ ਜਿਸ ਤਰ੍ਹਾਂ ਪੂਰੇ ਮਾਝੇ ਵਿੱਚ ਅਕਾਲੀ ਦਲ ਤਬਾਹ ਹੋਣ ਦੀ ਰਾਹ ਤੇ ਤੁਰ ਪਿਆ ਹੈ,ਅਜਿਹੇ ਵਿੱਚ ਸ: ਬਿਕਰਮ ਸਿੰਘ ਮਜੀਠੀਆ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਚੁੱਪ,

ਫੁੱਟ ਅਤੇ ਤਬਾਹੀ ਦੇ ਤੂਫਾਨ ਨੂੰ ਹੋਰ ਹਵਾ ਦੇ ਰਹੀ ਹੈ। 

ਬਗਾਵਤ ਦੇ ਅੰਕੜੇ ਮੂੰਹ ਚੜਾ ਦੱਸ ਰਹੇ ਹਨ,ਕਿ ਪਹਿਲਾਂ ਟਕਸਾਲੀ ਆਗੂ ਸ: ਬਲਬੀਰ ਸਿੰਘ ਬਿੱਟੂ,ਫਿਰ ਟਕਸਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਹੁਣ ਸੁੱਚਾ ਸਿੰਘ ਲੰਗਾਹ ਦੇ ਬਹੁਤ ਵੱਡੇ ਧੜੇ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਹੈ,ਉਸ ਨਾਲ ਤਾਂ ਸਿਆਸੀ ਸੂਝ-ਬੂਝ ਰੱਖਣ ਵਾਲੇ ਜਾਂ ਅਕਾਲੀ ਦਲ ਦੇ ਸੱਚੇ-ਸੁੱਚੇ ਖੈਰ ਖਵਾਹ ਵੀ ਹਿੱਲ ਗਏ ਹਨ ਅਤੇ ਇਸ ਨੂੰ ਮਾਝੇ ਵਿੱਚ ਪਾਰਟੀ ਦੀ ਤਬਾਹੀ ਦੇ ਸੰਕੇਤ ਦੱਸ ਰਹੇ ਹਨ। 

ਤਲਬੀਰ ਗਿੱਲ ਆਪਣੇ ਤੋਂ ਬਾਅਦ 10 ਮਈ ਨੂੰ ਅਕਾਲੀ ਦਲ ਦੇ ਨਾਮਵਰ ਚਿਹਰੇ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਉਣਗੇ ਅਤੇ ਬਲਬੀਰ ਸਿੰਘ ਬਿੱਟੂ ਆਉਂਦੇ ਚੰਦ ਘੰਟਿਆਂ ਵਿੱਚ ਦੋ ਦਰਜਨ ਦੇ ਕਰੀਬ ਅਕਾਲੀ ਦਲ ਦੇ ਅਹੁਦੇਦਾਰਾਂ ਨੂੰ ਲੈ ਕੇ ਕਿਸੇ ਹੋਰ ਸਿਆਸੀ ਧਿਰ ਵਿੱਚ ਚਲੇ ਜਾਣਗੇ। 

ਇੱਥੇ ਹੀ ਬੱਸ ਨਹੀਂ,ਜਿਸ ਤਰ੍ਹਾਂ ਅੱਜ ਲੰਗਾਹ ਧੜੇ ਨੇ ਅਕਾਲੀ ਦਲ ਨੂੰ ਸਿੱਧਾ-ਸਿੱਧਾ ਵੰਗਾਰਦਿਆਂ,ਨਾ ਸਿਰਫ ਠੋਕਵੇਂ ਸਵਾਲ ਪ੍ਰਧਾਨ ਅਤੇ ਮਜੀਠੀਆ ਦਾ ਨਾਂ ਲਏ ਬਗੈਰ ਦਾਗੇ  ਹਨ,ਬਲਕਿ ਅਕਾਲੀ ਦਲ ਦੇ ਕਥਿਤ ਅਖੌਤੀ ਚੌਧਰੀਆਂ ਨੂੰ ਖੁੱਲਾ ਚੈਲੰਜ ਕਰਦੇ ਹੋਏ,ਪਾਰਟੀ ਤੇ ਕਬਜ਼ਾ ਕਰਨ ਦੀ ਬੜਕ ਵੀ ਮਾਰ ਦਿੱਤੀ ਗਈ ਹੈ।

ਲੰਗਾਹ ਧੜੇ ਵੱਲੋਂ 22 ਮਈ ਦਾ ਅਲਟੀਮੇਟਮ ਅਤੇ ਚੇਤਾਵਣੀ,ਦਿੰਦੇ ਹੋਏ ਕਹਿ ਦਿੱਤਾ ਗਿਆ ਹੈ,ਕਿ ਜੇ 22 ਮਈ ਤੱਕ ਟਕਸਾਲੀ ਅਕਾਲੀਆਂ ਨੂੰ ਬੇਇੱਜਤ ਅਤੇ ਬਦਨਾਮ ਕਰਨਾ ਬੰਦ ਨਾ ਕੀਤਾ ਗਿਆ ਅਤੇ ਉਨਾਂ ਦਾ ਬਣਦਾ ਸਤਿਕਾਰ ਨਾ ਮੋੜਿਆ ਗਿਆ,ਤਾਂ ਉਹ ਡੇਰਾ ਬਾਬਾ ਨਾਨਕ ਹਲਕੇ ਦੇ ਇਤਿਹਾਸਿਕ ਕਸਬੇ ਕਲਾਨੌਰ ਵਿੱਚ ਬਗਾਵਤ ਦਾ ਐਸਾ ਤਾਂਡਵ ਕਰਨਗੇ,ਕਿ ਜਿਸ ਦੀ ਗੂੰਜ ਘੜੰਮ ਚੌਧਰੀਆਂ ਦੇ ਲੂੰ ਕੰਢੇ ਖੜੇ ਕਰ ਦੇਵੇਗੀ। 

ਉਧਰ ਬਹੁਤ ਸਾਰੇ ਜਾਣਕਾਰਾਂ ਅਤੇ ਅਕਾਲੀ ਦਲ ਨਾਲ ਮੁੱਢ ਤੋਂ ਹੀ ਨੇੜਲਾ ਰਿਸ਼ਤਾ ਰੱਖਣ ਵਾਲਿਆਂ ਦਾ ਕਹਿਣਾ ਹੈ,ਕਿ ਆਖਰ ਅਜਿਹੇ ਨਾਜ਼ੁਕ ਸਮੇਂ ਵਿੱਚ ਸ: ਮਜੀਠੀਆ ਅਤੇ ਸ:ਸੁਖਬੀਰ ਸਿੰਘ ਬਾਦਲ ਇੰਤਜ਼ਾਰ ਹੋਰ ਕਿਸ ਅਣਹੋਣੀ ਦਾ ਕਰ ਰਹੇ ਹਨ ਅਤੇ ਕਿਉਂ ਨਹੀਂ ਤੁਰੰਤ ਪਹਿਲਾਂ ਆਪਸ ਵਿੱਚ ਬੈਠ ਕੇ ਸਾਰੇ ਗਿਲੇ ਸ਼ਿਕਵੇ ਅਤੇ ਸਿਆਪੇ ਦੂਰ ਕਰ,ਬਾਅਦ ਵਿੱਚ ਹਰ ਹਲਕੇ ਦੇ ਮੌਤਬਰਾਂ ਅਤੇ ਟਕਸਾਲੀਆਂ ਨੂੰ ਇਕੱਠੇ ਬਿਠਾ ਕੇ ਨਫਰਤ ਦਾ ਨਾਮੋ ਨਿਸ਼ਾਨ ਮਿਟਾ ਦੇਣ।

ਨਾਲ ਹੀ ਅਕਾਲੀ ਦਲ ਦਾ ਜਿਹੜਾ ਗਦਾਰ ਤਨ-ਮਨ ਨਾਲ ਪਾਰਟੀ ਨਾਲ ਨਹੀਂ ਤੁਰਦਾ,ਜਾਂ ਬਗਾਵਤ ਖਤਮ ਕਰਨ ਲਈ ਆਨਾ-ਕਾਨੀ ਕਰਦਾ ਹੈ,ਤਾਂ ਉਸ ਨੂੰ ਤੁਰੰਤ ਪਾਰਟੀ ਵਿੱਚੋਂ ਦਫਾ ਕਰ ਦੇਣ ਵਿੱਚ ਹੀ ਅਕਾਲੀ ਦਲ ਦਾ ਭਲਾ ਹੋ ਸਕਦਾ ਹੈ। 

ਕੁਝ ਅਹਿਮ ਸੂਤਰ ਅਤੇ ਜਾਣਕਾਰ ਕਥਿਤ ਤੌਰ ਤੇ ਇਹ ਵੀ ਕਹਿੰਦੇ ਹਨ,ਕਿ ਜਦੋਂ ਬਗਾਵਤਾਂ ਦਾ ਕੱਦ ਅਹੁਦਿਆਂ ਨਾਲੋਂ ਉੱਚਾ ਹੋ ਜਾਵੇ,ਤਾਂ ਉਸ ਵੇਲੇ ਪਾਰਟੀ ਦੇ ਰਹਿਬਰਾਂ ਨੂੰ ਟੈਲੀਫੋਨਾਂ ਤੇ ਬੁੱਤਾ ਨਹੀਂ ਸਾਰਨਾ ਚਾਹੀਦਾ,ਸਗੋ ਤੁਰੰਤ ਉਹਨਾਂ ਟਕਸਾਲੀ ਪਰਿਵਾਰਾਂ ਅਤੇ ਆਗੂਆਂ ਕੋਲ ਨਿੱਜੀ ਤੌਰ ਤੇ ਪਹੁੰਚਣਾ ਚਾਹੀਦਾ ਹੈ,ਜਿਹੜੇ ਇਹ ਦਾਅਵਾ ਕਰਕੇ ਪਾਰਟੀ ਨੂੰ ਛੱਡ ਰਹੇ ਹਨ,ਕਿ ਉਹਨਾਂ ਨੂੰ ਜਲੀਲ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। 

ਕਈ ਟਕਸਾਲੀਆਂ ਦਾ ਕਹਿਣਾ ਜਾਂ ਮੰਨਣਾ ਹੈ,ਕਿ ਅਜੋਕੇ ਸਮੇਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਮਜਬੂਰ ਨਹੀਂ,ਬਲਕਿ ਮਜਬੂਤ ਹੋ ਕੇ ਰਿਸ਼ਤਿਆਂ ਦੀ ਪਰਵਾਹ ਕੀਤੇ ਬਿਨਾਂ ਸ਼ਹੀਦਾਂ ਅਤੇ ਪੰਜਾਬੀਆਂ ਦੀ ਪਾਰਟੀ ਨੂੰ ਤਬਾਹ ਹੋਣ ਤੋਂ ਬਚਾ ਲੈਣਾ ਚਾਹੀਦਾ ਹੈ।