ਤੇਜਾ ਬਟਾਲਾ ਦੇ ਮੇਅਰ,ਸਰੀਨ ਸੀਨੀਅਰ ਡਿਪਟੀ ਮੇਅਰ ਬਣੇ, ਪ੍ਰੈੱਸ ਰੁੱਸੀ,ਮਾਫੀ ਤੇ ਮੰਨੀ-?
ਤੇਜਾ ਬਟਾਲਾ ਦੇ ਮੇਅਰ,ਸਰੀਨ ਸੀਨੀਅਰ ਡਿਪਟੀ ਮੇਅਰ ਬਣੇ, ਪ੍ਰੈੱਸ ਰੁੱਸੀ,ਮਾਫੀ ਤੇ ਮੰਨੀ-?

ਬਟਾਲਾ-ਗੁਰਦਾਸਪੁਰ-ਵਿਸ਼ਵ ਟੀ.ਵੀ ਨਿਊਜ਼-(ਅਭੀ ਤੇਜ ਸਿੰਘ ਗਿੱਲ)-

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ,ਸਨਅਤੀ ਤੇ ਸਰਹੱਦੀ ਸ਼ਹਿਰ ਬਟਾਲਾ ਦਾ ਪਹਿਲਾ ਮੇਅਰ ਬਣਨ ਦਾ ਸੁਭਾਗ ਸੁਖਦੀਪ ਸਿੰਘ ਤੇਜਾ ਨੂੰ ਪ੍ਰਾਪਤ ਹੋਇਆ ਹੈ। ਸੀਨੀਅਰ ਡਿਪਟੀ ਮੇਅਰ ਪੁਰਾਣੇ ਕੌਂਸਲਰ ਸ੍ਰੀ ਸ ਨੀਲ ਸਰੀਨ ਨੂੰ ਬਣਾਇਆ ਗਿਆ ਹੈ, ਜਦਕਿ ਡਿਪਟੀ ਮੇਅਰ ਰਿਜ਼ਰਵ ਕੋਟੇ ਚੋਂ ਸਾਬਕਾ ਮਰਹੂਮ ਕੌਂਸਲਰ ਚਾਚੇ ਚੰਨ ਦੀ ਨੂੰਹ ਸ੍ਰੀਮਤੀ  ਚੰਦਰਕਾਂਤਾ ਨੂੰ ਥਾਪਿਆ ਗਿਆ ਹੈ।ਅੱਜ ਕਰੀਬ 11 ਵਜੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਅਤੇ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ: ਤੀਜਾ ਸ੍ਰੀ ਸਰੀਨ ਅਤੇ ਸ੍ਰੀਮਤੀ ਚੰਦਰਕਾਂਤਾ ਨੂੰ ਉਨ੍ਹਾਂ ਦੀਆਂ ਕੁਰਸੀਆਂ ਤੇ ਬਿਠਾਇਆ।ਇੱਥੇ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ ਕਿ ਬਟਾਲਾ 'ਚ ਪਹਿਲੇ ਮੇਅਰ ਨੂੰ ਲੈ ਕੇ ਬਹੁਤ ਹੀ ਵੱਡੀ ਪੱਧਰ ਤੇ ਜੱਦੋ-ਜਹਿਦ ਹੋਈ,ਵੈਸੇ ਤਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਕਾਫ਼ੀ ਕੌਂਸਲਰ ਚਾਹਵਾਨ ਸਨ,ਲੇਕਿਨ ਇੱਥੋਂ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਇੰਚਾਰਜ ਸ੍ਰੀ ਅਸ਼ਵਨੀ ਸੇਖੜੀ ਦਾ ਵੱਕਾਰ ਦਾਅ ਤੇ ਲੱਗਾ ਸੀ ਅਤੇ ਉਹ ਆਪਣੀ ਭੈਣ ਨੂੰ ਮੇਅਰ ਬਣਾ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਮਾਰਨਾ ਚਾਹੁੰਦੇ ਸਨ, ਇਕ ਤਾਂ ਉਨ੍ਹਾਂ ਦਾ ਇਰਾਦਾ ਇਹ ਸੀ ਕਿ ਬਟਾਲਾ ਦੀ ਪਹਿਲੀ ਮੇਅਰ-ਸ਼ਿੱਪ ਉਨ੍ਹਾਂ ਦੇ ਘਰ ਆ ਜਾਵੇ ਅਤੇ ਦੂਜਾ ਇਸ ਨਾਲ ਉਨ੍ਹਾਂ ਦੀ ਰਾਜਨੀਤਕ ਪਕੜ ਮਜ਼ਬੂਤ ਹੋਵੇਗੀ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਟਿਕਟ ਵਾਸਤੇ ਬਹੁਤੀ ਜੱਦੋ-ਜਹਿਦ ਨਹੀਂ ਕਰਨੀ ਪਵੇਗੀ।ਚਰਚਾ ਰਹੀ ਕਿ ਸ੍ਰੀ ਸੇਖੜੀ ਵੱਡੇ ਘਰ ਤਕ (ਯਾਨੀ ਕਿ ਕਾਂਗਰਸ ਹਾਈਕਮਾਂਡ)ਕੋਲ ਪੁੱਜੇ ਉਨ੍ਹਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ, ਲੇਕਿਨ ਉਨ੍ਹਾਂ ਦੀ ਦਾਲ ਨਹੀਂ ਗਲੀ ਅਤੇ ਉਹ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਆਪਣੀ ਭੈਣ ਨੂੰ ਮੇਅਰ ਨਹੀਂ ਬਣਾ ਸਕੇ,ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਬਣੇ ਸ੍ਰੀ ਸਰੀਨ ਨੇ ਵੀ ਕਾਫੀ ਮਸ਼ੱਕਤ ਕੀਤੀ ਕਿ ਉਨ੍ਹਾਂ ਨੂੰ ਹਿੰਦੂ ਕੋਟੇ ਵਿੱਚੋਂ ਬਟਾਲਾ ਦਾ ਮੇਅਰ ਬਣਾਇਆ ਜਾਵੇ,ਲੇਕਿਨ ਉਨ੍ਹਾਂ ਨੂੰ ਵੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਹੀ ਸਬਰ ਕਰਨਾ ਪਿਆ  ।

ਇੱਥੇ ਇਕ ਹੋਰ ਬੜੀ ਦਿਲਚਸਪ ਚਰਚਾ ਸੁਣਨ ਨੂੰ ਮਿਲੀ ਕੇ ਸ: ਤੇਜਾ ਨੂੰ ਮੇਅਰ ਬਣਾਉਣ 'ਚ ਬਣਾਉਣ ਦੇ ਪਿੱਛੇ ਮਾਸਟਰ-ਮਾਈਂਡ ਰਹੇ ਟੀਟੂ ਬੋਪਾਰਾਏ, ਜ਼ਿਕਰਯੋਗ ਹੈ ਕਿ ਸ: ਟੀਟੂ ਬੋਪਾਰਾਏ ਜਿਹਡ਼ੇ ਕਿ ਅਮਰੀਕੀ   ਸਿਟੀਜ਼ਨ ਹਨ,ਦੇ ਸ: ਬਾਜਵਾ ਨਾਲ ਬਹੁਤ ਹੀ ਨੇੜਲੇ ਤੇ ਨਿੱਘੇ ਸਬੰਧ ਹਨ,ਜਿਸ ਦੇ ਚਲਦੇ ਉਨ੍ਹਾਂ ਸ: ਤੇਜਾ ਨੂੰ ਮੇਅਰ ਬਣਾਉਣ ਵਿਚ ਬਹੁਤ ਹੀ ਖ਼ਾਸ ਭੂਮਿਕਾ ਅਦਾ ਕੀਤੀ,ਇਹ ਚਰਚਾ ਵੀ ਨਾਲ-ਨਾਲ ਹੀ ਚੱਲਦੀ ਰਹੀ ਕਿ ਸ: ਤੇਜਾ ਚਾਹੇ ਬਟਾਲੇ ਦੇ ਵਿਕਾਸ ਕਰਾਉਣ ਵਿਚ ਮੋਹਰੀ ਰਹੇ ਹਨ ਅਤੇ ਉਨ੍ਹਾਂ ਦੇ ਵੀ ਬਾਜਵਾ ਨਾਲ ਨੇੜਲੇ ਰਿਸ਼ਤੇ ਹਨ ਅਤੇ ਫੁੱਲ ਥਾਪੜਾ ਵੀ ਸੀ,ਲੇਕਿਨ ਮੇਅਰ ਲਈ ਜਿਹੜੀ ਭੂਮਿਕਾ ਟੀਟੂ ਬੋਪਾਰਾਏ ਵਲੋਂ ਨਿਭਾਈ ਗਈ ਹੈ ਉਹ ਤੇਜਾ ਨਾਲ ਯਰਾਨਾ ਪਾਲ ਗਈ। ਉਧਰ ਇਹ ਵੀ ਚਰਚਾ ਹੈ ਕਿ ਸ: ਬਾਜਵਾ ਧੜੇ ਵੱਲੋਂ ਮੇਅਰ ਦੀ ਕੁਰਸੀ ਤੇ ਕਬਜ਼ਾ ਕਰਨ ਨਾਲ ਸ੍ਰੀ ਸੇਖਡ਼ੀ ਦੀ ਰਾਜਨੀਤਕ ਗੱਡੀ ਇੱਕ ਵਾਰ ਪਟੜੀ ਤੋਂ ਲਾਹ ਦਿੱਤੀ ਗਈ ਹੈ ਅਤੇ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਦੁਬਾਰਾ ਪਟੜੀ ਤੇ ਚੜ੍ਹ ਪਾਉਂਦੇ ਹਨ ਕਿ ਨਹੀਂ ਇਹ ਤਾਂ ਟਿਕਟ ਲਈ ਹੋਣ ਵਾਲਾ ਘੋਲ ਹੀ ਦੱਸੇਗਾ,ਲੇਕਿਨ ਹਾਲ ਦੀ ਘੜੀ ਬਾਜਵਾ ਧੜਾ ਮੇਲਾ ਲੁੱਟ ਲਿਆ ਹੈ ਅਤੇ ਸੇਖੜੀ ਧੜੇ ਲਈ ਰਾਜਨੀਤਕ ਗੁੱਥੀ ਬੜੀ ਬੁਰੀ ਤਰ੍ਹਾਂ ਉਲਝ ਗਈ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਉਹ ਇਸ ਨੂੰ ਕਿਸ ਤਰ੍ਹਾਂ ਸੁਲਝਾਉਣ ਲਈ ਮੰਥਨ ਕਰਦੇ ਹਨ ਅਤੇ ਬਾਜਵਾ ਧੜੇ ਤੋਂ ਆਪਣੇ ਹੀ ਹਲਕੇ ਵਿਚ ਮਿਲੀ ਸਿਆਸੀ ਹਾਰ ਨੂੰ ਕਿਸ ਤਰ੍ਹਾਂ ਹਜ਼ਮ ਕਰਦੇ ਹਨ। ਚਲੋ ਜੋ ਵੀ ਹੋਇਆ,ਪਰ ਹੁਣ ਸਾਰੇ ਸਿਆਸੀ ਲੋਕ ਸ: ਤੇਜਾ ਸ੍ਰੀ ਸਰੀਨ ਅਤੇ ਮੈਡਮ ਚੰਦਰਕਾਂਤਾ  ਨੂੰ ਵਧਾਈਆਂ ਦੇਣ ਵਿੱਚ ਰੁੱਝ ਗਏ ਹਨ ਅਤੇ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਚਰਚਾ ਫੈਲੀ ਹੈ ਕਿ ਬਾਜਵਾ ਧੜੇ ਨੇ ਸੇਖੜੀ ਧੜਾ ਪੂਰੀ ਤਰ੍ਹਾਂ ਠੋਕ ਦਿੱਤਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਟਾਲੇ ਤੋਂ ਚੋਣ ਲੜਨ ਦੇ ਪੱਕੇ ਸੰਕੇਤ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਇਕ ਐਸਾ ਘਟਨਾਕ੍ਰਮ ਵਾਪਰਿਆ ਕਿ ਬਟਾਲਾ ਦੀ ਪ੍ਰੈੱਸ ਵਾਜਬ  ਬਾਈਕਾਟ ਤੇ ਉਤਰ ਆਈ, ਹੋਇਆ ਇੰਜ ਕਿ ਕਰੀਬ ਸਵੇਰੇ ਅੱਜ ਸਵੇਰੇ 9 ਵਜੇ ਡੀ.ਪੀ.ਆਰ.ਓ ਬਟਾਲਾ ਸ: ਇੰਦਰਜੀਤ ਸਿੰਘ ਬਾਜਵਾ ਨੇ ਇਕ ਮੈਸੇਜ ਪਾਇਆ ਮੀਡੀਆ ਗਰੁੱਪ ਵਿਚ ਕੇ ਬਟਾਲਾ ਦੀ ਪ੍ਰੈੱਸ ਨੂੰ ਕਾਰਪੋਰੇਸ਼ਨ ਦੇ ਹਾਲ ਅੰਦਰ ਕਵਰੇਜ ਲਈ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਚੋਣ ਉਪਰੰਤ ਉਹ ਕਵਰੇਜ ਕਰ ਸਕਦੇ ਹਨ,ਇਸ ਤੋਂ ਤੁਰੰਤ ਬਾਅਦ ਪੱਤਰਕਾਰਾਂ ਦਾ ਗੁੱਸਾ ਪਰਗਟ ਹੋਣ ਲੱਗਾ ਅਤੇ ਵੇਖਦੇ-ਵੇਖਦੇ ਇਹ ਸਹਿਮਤੀ ਬਣ ਗਈ ਕਿ ਜੇਕਰ ਬਟਾਲਾ ਦੀ ਪ੍ਰੈੱਸ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਤਾਂ ਇਸ ਨੂੰ ਪ੍ਰੈੱਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਮੰਨਦੇ ਚੋਣ ਸਮਾਗਮ ਸਮੇਤ ਸਮੁੱਚੀ ਕਾਂਗਰਸ ਦਾ ਬਾਈਕਾਟ ਕੀਤਾ ਜਾਵੇ।

ਬਟਾਲਾ ਦੀ ਲਗਪਗ ਸਮੁੱਚੀ ਪ੍ਰੈੱਸ ਟਾਊਨ ਹਾਲ ਦੇ ਬਾਹਰ ਪਹੁੰਚੀ ਅਤੇ ਜਦੋਂ ਉਨ੍ਹਾਂ ਨੂੰ ਅੰਦਰ ਜਾਣ ਦੀ ਵਾਕਿਆ ਹੀ ਇਜਾਜ਼ਤ ਨਾ ਮਿਲੀ ਤਾਂ ਉਨ੍ਹਾਂ ਨੇ ਉਥੇ ਜੰਮ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਜਾਇਜ਼ ਗੁੱਸਾ ਜ਼ਾਹਿਰ ਕੀਤਾ,ਇਸ ਤੋਂ ਬਾਅਦ ਹੋਈ ਗਹਿਮਾ-ਗਹਿਮੀ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਬਾਹਰ ਆ ਕੇ ਪੱਤਰਕਾਰਾਂ ਕੋਲੋਂ ਮੁਆਫ਼ੀ ਮੰਗੀ ਅਤੇ ਉਨ੍ਹਾਂ ਨੂੰ ਅੰਦਰ ਆਉਣ ਦਾ ਸੱਦਾ ਦਿੱਤਾ ਗਿਆ, ਲੇਕਿਨ ਬਟਾਲਾ ਦੀ ਪ੍ਰੈੱਸ ਨੇ ਮਨ ਬਣਾ ਲਿਆ ਸੀ ਕਿ ਹੁਣ ਅੰਦਰ ਨਹੀਂ ਜਾਣਗੇ ਤੇ ਉਹ ਟਾਊਨ ਹਾਲ ਦੇ ਅੰਦਰ ਕਵਰੇਜ ਲਈ ਨਹੀਂ ਗਏ।ਇਸ ਦੇ ਤੁਰੰਤ ਬਾਅਦ ਨਵੇਂ ਚੁਣੇ ਗਏ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਬਾਹਰ ਆਏ,ਲੇਕਿਨ ਪ੍ਰੈੱਸ ਨੇ ਉਨ੍ਹਾਂ ਦੀ ਇੰਟਰਵਿਊ ਜਾਂ ਬਾਈਟ ਵਗੈਰਾ ਲੈਣੀ ਰੋਸ ਦੇ ਚੱਲਦਿਆਂ ਉੱਚਤ ਅਤੇ ਮੁਨਾਸਿਬ ਨਹੀਂ ਸਮਝੀ,ਜਿਸ ਤੋਂ ਬਾਅਦ ਕੁਝ ਦੇਰ ਮੇਅਰ ਬਾਹਰ ਖਲੋ ਕੇ ਅੰਦਰ ਚਲੇ ਗਏ ਅਤੇ ਪੱਤਰਕਾਰਾਂ ਨੂੰ ਮੁਡ਼ ਅੰਦਰ ਆਉਣ ਦੀ ਬੇਨਤੀ ਕੀਤੀ ਗਈ,ਲੇਕਿਨ ਪੱਤਰਕਾਰ ਨਹੀਂ ਮੰਨੇ ਅਤੇ ਫਿਰ ਮਾਹੌਲ  ਤੱਤਾ ਹੁੰਦਾ ਵੇਖ,ਨਵੇਂ ਚੁਣੇ ਗਏ ਮੇਅਰ ਸ: ਤੇਜਾ ਨੇ ਮੋਰਚਾ ਆਪ ਸੰਭਾਲਿਆ ਅਤੇ ਖੁਦ ਆ ਕੇ ਪੱਤਰਕਾਰਾਂ ਨਾਲ ਰਿਸ਼ਤੇ ਬਿਹਤਰ ਕਰਨ ਦੀ ਕਵਾਇਦ ਸ਼ੁਰੂ ਕੀਤੀ ਅਤੇ ਕਿਹਾ ਕਿ ਮੈਂ ਮਾਫੀ ਚਾਹੁੰਦਾ ਹਾਂ,ਲੇਕਿਨ ਮੈਂ ਅੰਦਰ ਸੀ ਅਤੇ ਮੈਨੂੰ ਇਸ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਸੀ ਕਿ ਬਟਾਲਾ ਦੀ ਪ੍ਰੈੱਸ ਨਾਲ ਅਜਿਹਾ ਵਰਤਾਰਾ ਹੋਇਆ ਹੈ ਅਤੇ ਮੈਂ ਅੱਗੋਂ ਤੋਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਟਾਊਨ ਹਾਲ ਵਿਚ ਮੇਰੇ ਹੁੰਦਿਆਂ ਪ੍ਰੈੱਸ ਨੂੰ ਪੂਰਾ ਸਤਿਕਾਰ ਦਿੱਤਾ ਜਾਵੇਗਾ,ਇਸ ਤੋਂ ਬਾਅਦ ਪ੍ਰੈੱਸ ਦਾ ਫੁੱਟਿਆ ਲਾਵਾ ਠੰਢਾ ਪਿਆ ਅਤੇ ਫਿਰ ਉਨ੍ਹਾਂ ਨੇ ਕਵਰੇਜ ਕਰਨੀ ਸ਼ੁਰੂ ਕੀਤੀ।ਉਧਰ ਬਟਾਲਾ ਦੇ ਸੀਨੀਅਰ ਅਤੇ ਜੂਨੀਅਰ ਸਾਰੇ ਪੱਤਰਕਾਰਾਂ ਨੇ ਇਸ ਸਾਰੇ ਘਟਨਾਕ੍ਰਮ ਤੇ ਤਿੱਖਾ ਅਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਹ ਸ਼ਰਾਰਤ ਨਹੀਂ ਬਲਕਿ ਕੋਝੀ ਹਰਕਤ ਸੀ ਅਤੇ ਪ੍ਰੋਟੋਕਾਲ ਦਾ ਹਵਾਲਾ ਦੇ ਕੇ ਪ੍ਰੈੱਸ ਨੂੰ ਰੋਕਿਆ ਗਿਆ ਹੈ,ਜਦਕਿ ਕਾਂਗਰਸੀਆਂ ਜਾਂ ਹੋਰਨਾਂ ਮੌਜੂਦ ਲੋਕਾਂ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੋਕਾਲ ਫਾਲੋ ਨਹੀਂ ਕੀਤਾ ਜਾ ਰਿਹਾ ਸੀ,ਇੱਥੋਂ ਤੱਕ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸਖ਼ਤ ਹੋਣ ਦੇ ਬਾਵਜੂਦ,ਉਥੇ ਕੋਰੋਨਾ ਸੰਬੰਧੀ ਪੂਰੀ ਤਰ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।