ਬਟਾਲਾ ਨੂੰ ਨਲਾਇਕ ਮੇਅਰ ਮਿਲਿਆ  -ਕਲਸੀ  ਕੁਝ ਲੋਕਾਂ ਨੂੰ ਬੋਲਣ ਦੀ ਅਕਲ ਘੱਟ ਹੁੰਦੀ ਹੈ-ਮੇਅਰ  ਸ਼ੈਰੀ ਕਲਸੀ ਅਤੇ ਬਾਜਵਾ ਧੜੇ ਦਾ ਇੱਕ-ਦੂਜੇ ਤੇ ਤਾਬੜਤੋੜ ਹਮਲਾ।  ਹਾਊਸ ਦੀ ਮੀਟਿੰਗ ਚੰਗੀ ਹੋਈ,ਲੋੜੀਂਦੇ ਮਤੇ ਪਾਸ-ਮੈਡਮ ਐਸ ਡੀ ਐਮ।
ਬਟਾਲਾ ਨੂੰ ਨਲਾਇਕ ਮੇਅਰ ਮਿਲਿਆ -ਕਲਸੀ

ਕੁਝ ਲੋਕਾਂ ਨੂੰ ਬੋਲਣ ਦੀ ਅਕਲ ਘੱਟ ਹੁੰਦੀ ਹੈ-ਮੇਅਰ

ਸ਼ੈਰੀ ਕਲਸੀ ਅਤੇ ਬਾਜਵਾ ਧੜੇ ਦਾ ਇੱਕ-ਦੂਜੇ ਤੇ ਤਾਬੜਤੋੜ ਹਮਲਾ।

ਹਾਊਸ ਦੀ ਮੀਟਿੰਗ ਚੰਗੀ ਹੋਈ,ਲੋੜੀਂਦੇ ਮਤੇ ਪਾਸ-ਮੈਡਮ ਐਸ ਡੀ ਐਮ।

ਦਾ ਸਟਿੰਗ ਆਪ੍ਰੇਸ਼ਨ

(ਬਿਊਰੋ ਚੀਫ)

ਬੂਹੇ ਆਈ ਜੰਝ,ਵਿੰਨੋ ਕੁੜੀ ਦੇ ਕੰਨ।

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਕਤ ਕਹਾਵਤ ਨੂੰ ਸੱਚ ਕਰਦਿਆਂ ਬਾਬੇ ਨਾਨਕ ਜੀ ਦੇ ਵਿਆਹ ਪੁਰਬ ਤੇ ਸਹਿਰ ਨੂੰ ਅੰਤਿਮ ਸਮੇਂ ਤੇ ਪੈਂਚਰ ਲਾ ਕੇ ਡੰਗ ਟਪਾਇਆ ਜਾ ਰਿਹਾ ਹੈ।

ਵੈਸੇ ਵੀ ਉਸ ਕਾਰਪੋਰੇਸ਼ਨ ਨੇ ਕੰਮ ਸਵਾਹ ਕਰਨਾ ਹੈ,ਜਿਸ ਦੀ ਮੀਟਿੰਗ ਹੀ 6-6 ਮਹੀਨੇ ਨਾ ਹੋਵੇ। 

ਜੀ ਹਾਂ ਮਹਿਜ਼ 5 ਦਿਨ ਪਹਿਲਾਂ ਬਾਬਾ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ਕਾਰਪੋਰੇਸ਼ਨ ਕੁੰਭਕਰਨ ਦੀ ਨੀਂਦ ਤੋਂ ਜਾਗੀ ਹੈ ਅਤੇ ਆਨਨ-ਫਾਨਨ ਵਿੱਚ ਹਾਊਸ ਦੀ ਮੀਟਿੰਗ ਸੱਦੀ ਗਈ ਹੈ,ਤੇ ਉਸ ਵਿੱਚ ਵੀ ਖੂਬ ਹਗਾਮਾ ਹੋਇਆ ਹੈ।

ਏਸੇ ਦੌਰਾਨ ਆਮ ਆਦਮੀ ਪਾਰਟੀ ਵਿੱਚ ਆ ਕੇ ਚੰਦ ਦਿਨਾਂ ਵਿੱਚ ਹੀ ਚਾਚਾ ਚੌਧਰੀ ਬਣ ਚੁੱਕੇ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਸਿੰਘ ਕਲਸੀ ਨੇ ਤ੍ਰਿਪਤ ਧੜੇ ਦੇ ਮੌਜੂਦਾ ਮੇਅਰ ਸੁਖਦੀਪ ਸਿੰਘ ਤੇਜਾ ਪ੍ਰਤੀ ਤਲਖ਼ ਸ਼ਬਦ ਵਰਤਦਿਆਂ ਕਿਹਾ,ਕਿ ਦਰਅਸਲ ਬਟਾਲਾ ਨੂੰ ਕਥਿਤ ਤੌਰ ਤੇ ਨਲਾਇਕ ਮੇਅਰ ਮਿਲਿਆ ਹੈ,ਜੋ ਕੇ ਤਜਰਬਾ ਹੀਨ ਸ਼ਾਬਤ ਹੋਇਆ ਹੈ।

ਉਨ੍ਹਾਂ ਕਿਹਾ ਕਾਰਪੋਰੇਸ਼ਨ ਦੇ ਵਿਕਾਸ ਦੀ ਗੱਡੀ ਦਾ ਸਟੇਰਿੰਗ ਅਨਜਾਣ ਡਰਾਈਵਰ (ਮੇਅਰ) ਦੇ ਹੱਥ ਫ਼ੜਾ ਦਿੱਤਾ ਹੈ,ਜਿਹੜਾ ਐਕਸੀਡੈਂਟ ਕਰਕੇ ਸ਼ਹਿਰ ਦਾ ਵਿਕਾਸ ਰੋਕ ਰਿਹਾ ਹੈ।

ਏਥੇ ਆਪ ਦੇ ਕੌਂਸਲਰਾਂ ਨੇ ਵੀ ਆਪਣੀ ਭੜਾਸ ਕਢਦਿਆਂ ਦਾਅਵਾ ਕੀਤਾ,ਕਿ ਸਾਡਾ ਵਿਧਾਇਕ ਸ਼ੈਰੀ ਕਲਸੀ ਦਿਨ ਰਾਤ ਇੱਕ ਕਰਕੇ ਸਰਕਾਰ ਕੋਲੋਂ ਕਰੋੜਾਂ ਰੁਪਏ ਦੇ ਫੰਡ ਲਿਆ ਰਿਹਾ ਹੈ,ਲੇਕਿਨ ਮੇਅਰ ਜਾਣਬੁੱਝ ਕੇ ਕੰਮ ਨਹੀਂ ਹੋਣ ਦੇ ਰਿਹਾ।

ਉਨ੍ਹਾਂ ਇਹ ਕਥਿਤ ਦੋਸ ਵੀ ਲਗਾਇਆ ਕਿ ਸ਼ਹਿਰ ਦੀ ਸਫਾਈ ਲਈ ਮੇਅਰ ਕੁਝ ਨਹੀਂ ਕਰ ਰਿਹਾ ਜਦਕਿ ਆਪਣੇ ਘਰ ਅਤੇ ਚਹੇਤਿਆਂ ਲਈ 8-8 ਬੰਦੇ ਬਿਨਾਂ ਮਤਲਬ ਦੇ ਲਗਾ ਰੱਖੇ ਹਨ।

ਉਨ੍ਹਾਂ ਦਾਅਵਾ ਕੀਤਾ,ਕਿ ਸਾਡੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦਾ ਅਕਸ਼ ਲੋਕਾਂ ਵਿੱਚ ਖ਼ਰਾਬ ਕਰਨ ਲਈ ਮੇਅਰ ਵੱਲੋਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।

ਏਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਹੀਰਾ ਵਾਲੀਆ ਨੇ ਸਖ਼ਤ ਲਹਿਜੇ ਵਿੱਚ ਕਿਹਾ,ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਨੋਂ ਡਰਾਮਾਂ ਕਰ ਰਹੀਆਂ ਹਨ,ਜਦਕਿ ਸਾਰਾ ਸ਼ਹਿਰ ਡੇਂਗੂ ਅਤੇ ਚਿਕਨਗੁਨੀਆਂ ਨਾਲ ਤ੍ਰਾਸ-ਤ੍ਰਾਸ ਕਰ ਰਿਹਾ ਹੈ ਅਤੇ ਇਹ ਦੋਨੋਂ ਧਿਰਾਂ ਕੇਂਦਰ ਸਰਕਾਰ ਵੱਲੋਂ ਭੇਜੀ ਜਾ ਰਹੀ ਗਰਾਂਟ ਵੀ ਬੰਦਿਆਂ ਵਾਂਗ ਨਹੀਂ ਲਗਾ ਪਾ ਰਹੀਆਂ।

ਏਥੇ ਆਪਣੇ ਮੇਅਰ ਦੇ ਬਚਾਅ ਵਿੱਚ ਉਤਰੇ ਸਿਟੀ ਕਾਂਗਰਸ ਦੇ ਪ੍ਰਧਾਨ ਅਤੇ ਕੌਂਸਲਰ ਸੰਜੀਵ ਸ਼ਰਮਾ ਨੇ ਤਾਬੜਤੋੜ ਹਮਲਾ ਕਰਦਿਆਂ ਕਿਹਾ,ਕਿ ਅਸਲ ਵਿੱਚ ਮੌਜੂਦਾ ਸਰਕਾਰ ਦੇ ਤੱਪੜ ਰੁਲੇ ਪਏ ਹਨ,ਤੇ ਇਨ੍ਹਾਂ ਕਰੋੜਾਂ ਦੀ ਗ੍ਰਾਂਟ ਤਾਂ ਕੀ ਲਿਆਉਂਣੀ ਹੈ,ਬਲਕਿ ਜਿਨ੍ਹਾਂ ਕੰਮਾਂ ਦੇ ਟੈਂਡਰ ਹੋ ਚੁੱਕੇ ਹਨ,ਉਨ੍ਹਾਂ ਦੀ ਪੈਮੇਂਟ ਲਈ ਵੀ ਠੇਕੇਦਾਰ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ।

ਇੱਥੇ ਮੇਅਰ ਸੁਖਦੀਪ ਸਿੰਘ ਤੇਜਾ ਨੇ ਆਪਣੀ ਗੱਲ ਰੱਖਦਿਆਂ ਕਿਹਾ ਕੇ ਕੁਝ ਲੋਕਾਂ ਨੂੰ ਬੋਲਣ ਦੀ ਅਕਲ ਘੱਟ ਹੀ ਹੁੰਦੀ ਹੈ। ਅਸੀਂ ਆਪਣੇ ਕਾਰਜਕਾਲ ਵਿਚ ਬੇਹਤਰ ਕੰਮ ਕੀਤਾ ਹੈ ਅਤੇ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਵੀ 44 ਲੱਖ ਤੋਂ ਵੱਧ ਦੇ ਟੈਂਡਰ ਪਾਸ ਕੀਤੇ ਹਨ ਅਤੇ ਮੈਂ ਪਹਿਲੇ ਪ੍ਰਧਾਨਾਂ ਵਾਂਗ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਮੇਰੇ ਅਕਸ ਤੇ ਧੱਬਾ ਲਾਵੇ।

ਉਨ੍ਹਾਂ ਕਿਹਾ ਕਿ ਅਸੀਂ ਧੱਕੇ ਜਾ ਗੈਰਵਾਜਬ ਢੰਗ ਨਾਲ ਕੋਈ ਟੈਂਡਰ ਚੋਰ ਦਰਵਾਜ਼ਿਓਂ ਨਹੀਂ ਪੈਣ ਦੇਵਾਂਗੇ।

ਮੀਟਿੰਗ ਦੇ ਆਖ਼ਰ ਵਿੱਚ ਐਸ ਡੀ ਐਮ ਅਤੇ ਕਾਰਪੋਰੇਸ਼ਨ ਬਟਾਲਾ ਦੇ ਕਮਿਸ਼ਨਰ ਮੈਡਮ ਸ਼ਾਇਰੀ ਭੰਡਾਰੀ ਨੇ ਕਿਹਾ,ਕਿ ਹਾਊਸ ਦੀ ਮੀਟਿੰਗ ਸ਼ਾਨਦਾਰ ਰਹੀ ਅਤੇ ਲੋੜੀਂਦੇ ਸਾਰੇ ਕੰਮ ਸਰਬਸੰਮਤੀ ਨਾਲ ਪਾਸ ਹੋ ਗਏ ਹਨ ਅਤੇ ਬਹੁਤ ਜਲਦ ਸੰਬੰਧਤ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ।