ਕੀ ਜਲੰਧਰ ਜਿਮਨੀ ਚੋਣ 'ਚ ਪਹਿਲੇ-ਦੂਜੇ ਨੰਬਰ ਲਈ ਕਾਂਗਰਸ ਤੇ 'ਆਪ' 'ਚ ਟੱਕਰ ?  ਚਰਚਾ ਕੇ ਤੀਜੇ-ਚੌਥੇ ਨੰਬਰ ਲਈ ਭਾਜਪਾ ਅਤੇ ਅਕਾਲੀ ਦਲ ਵਿੱਚ ਹੋਵੇਗਾ ਮੁਕਾਬਲਾ ?  ਕਾਂਗਰਸ ਜਾਂ ਅਕਾਲੀ ਦਲ ਨੂੰ ਮਿਲੂ ਹਮਦਰਦੀ ਵੋਟ,ਜਾਂ ਫਿਰ ਚੱਲੂ 'ਆਪ' ਦਾ ਝਾੜੂ। ਨਤੀਜਾ ਹੀ ਦੱਸੂ, ਕੌਣ ਕਿੰਨ
ਕੀ ਜਲੰਧਰ ਜਿਮਨੀ ਚੋਣ 'ਚ ਪਹਿਲੇ-ਦੂਜੇ ਨੰਬਰ ਲਈ ਕਾਂਗਰਸ ਤੇ 'ਆਪ' 'ਚ ਟੱਕਰ ?

ਚਰਚਾ ਕੇ ਤੀਜੇ-ਚੌਥੇ ਨੰਬਰ ਲਈ ਭਾਜਪਾ ਅਤੇ ਅਕਾਲੀ ਦਲ ਵਿੱਚ ਹੋਵੇਗਾ ਮੁਕਾਬਲਾ ?

ਕਾਂਗਰਸ ਜਾਂ ਅਕਾਲੀ ਦਲ ਨੂੰ ਮਿਲੂ ਹਮਦਰਦੀ ਵੋਟ,ਜਾਂ ਫਿਰ ਚੱਲੂ 'ਆਪ' ਦਾ ਝਾੜੂ।

13 ਦਾ ਨਤੀਜਾ ਹੀ ਦੱਸੂ,ਪੰਜਾਬ ਦੀ ਕਿਹੜੀ ਪਾਰਟੀ ਕਿੰਨੇ ਪਾਣੀ 'ਚ ਹੈ।

ਜਲੰਧਰ/ਵਿਸ਼ਵ ਟੀਵੀ ਨਿਊਜ਼

(ਬਿਊਰੋ ਚੀਫ) ਚੀਨ ਨੂੰ ਪਛਾੜ ਕੇ ਵਿਸ਼ਵ ਆਬਾਦੀ ਵਿੱਚ ਪਹਿਲੇ ਨੰਬਰ ਤੇ ਪੁੱਜੇ ਹਿੰਦੁਸਤਾਨ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਦਾ ਫਾਈਨਲ 2024 'ਚ ਹੋਣਾ ਹੈ,ਪਰ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਪੰਜਾਬ ਦੀ ਹਰ ਸਿਆਸੀ ਪਾਰਟੀ ਲਈ ਕੁਆਲੀਫਾਇਰ ਰਾਊਂਡ ਮੰਨਿਆ ਜਾ ਰਿਹਾ ਹੈ।

ਜੇਕਰ ਚਾਰਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਤੇ ਸਿਆਸੀ ਜੀਵਨ ਤੇ ਇੱਕ ਪੰਛੀ ਝਾਤ ਮਾਰੀਏ,ਤਾਂ ਇਨ੍ਹਾਂ ਚਾਰਾਂ ਵਿਚੋਂ ਕਿਸੇ ਨੇ ਵੀ ਅੱਜ ਤੱਕ ਖੁਦ ਲੋਕ ਸਭਾ ਦੀ ਕੋਈ ਚੋਣ ਨਹੀਂ ਲੜੀ,ਭਾਵੇਂ ਕਿ ਸਾਰੇ ਹੀ ਸਿਆਸਤ ਨਾਲ ਸਬੰਧਤ ਲੋਕ ਹਨ।

ਕੀ ਜਲੰਧਰ ਜਿਮਨੀ ਚੋਣ 'ਚ ਪਹਿਲੇ-ਦੂਜੇ ਨੰ: ਲਈ ਕਾਂਗਰਸ ਅਤੇ 'ਆਪ' 'ਚ ਟੱਕਰ ?

ਕਿਸੇ ਵੀ ਸਿਆਸੀ ਚੋਣ ਦੇ ਨਤੀਜੇ ਤੋਂ ਪਹਿਲਾਂ ਚਰਚਾਵਾਂ ਦਾ ਬਾਜ਼ਾਰ ਪੂਰਾ ਤੱਤਾ ਰਹਿੰਦਾ ਹੈ ਅਤੇ ਹਰ ਉਮੀਦਵਾਰ ਵੱਲੋਂ ਜਿੱਤ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ।

ਪਰ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ ਮੁਤਾਬਕ ਕਿਆਸ ਲੱਗ ਰਹੇ ਹਨ,ਕਿ ਪਹਿਲੇ ਅਤੇ ਦੂਜੇ ਨੰਬਰ ਲਈ ਸਿੱਧੀ ਟੱਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਚੱਲ ਰਹੀ ਹੈ।

ਕੁੱਝ ਸਿਆਸੀ ਸੂਤਰ ਅਤੇ ਮਾਹਿਰ ਦੱਸ ਰਹੇ ਹਨ,ਕਿ ਇਸ ਹਲਕੇ ਵਿੱਚ ਦਲਿਤ ਵੋਟ ਜ਼ਿਆਦਾ ਹੋਣ ਕਰਕੇ ਸ਼ੁਰੂ ਤੋਂ ਹੀ ਕਾਂਗਰਸ ਦਾ ਭਾਰੀ ਦਬ-ਦਬਾਅ ਰਿਹਾ ਹੈ ਅਤੇ ਉਹ ਲਗਾਤਾਰ ਇਥੋਂ ਜਿੱਤਦੀ ਆ ਰਹੀ ਹੈ।

ਪਰ ਜਨਰਲ ਚੋਣਾਂ ਦੇ ਮੁਕਾਬਲੇ ਅਚਾਨਕ ਸਿਰ ਪਈ ਜਿਮਨੀ ਚੋਣ ਦੇ ਹਲਾਤਾਂ ਵਿੱਚ ਬਹੁਤ ਫਰਕ ਹੈ ਅਤੇ ਉਹ ਵੀ ਉਦੋਂ,ਜਦੋਂ ਇਸ ਵੇਲੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ,ਲੇਕਿਨ ਇਸ ਸਭ ਦੇ ਬਾਵਜੂਦ ਕਾਂਗਰਸ ਨੂੰ ਜਿੱਤਣ ਲਈ ਜਿੰਨਾਂ ਗੱਲਾਂ ਦਾ ਫਾਇਦਾ ਮਿਲ ਸਕਦਾ ਹੈ,

ਉਨ੍ਹਾਂ ਵਿੱਚ,ਸ: ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਹਮਦਰਦੀ ਵੋਟ,

ਮੈਡਮ ਚੌਧਰੀ ਦਾ ਸੁਥਰਾ ਅਕਸ,

ਦੁਆਬੇ ਦਾ ਲੋਕ ਸਭਾ ਹਲਕਾ ਜਲੰਧਰ ਕਾਂਗਰਸ ਦਾ ਪੁਰਾਣਾ ਗੜ,

ਬਹੁ ਗਿਣਤੀ 'ਚ ਦਲਿਤ ਵੋਟ,

ਵੱਖ-ਵੱਖ ਦਿੱਗਜ਼ ਕਾਂਗਰਸੀਆਂ ਵੱਲੋਂ ਮੈਦਾਨ ਵਿੱਚ ਡੱਟਨਾ ਆਦਿ ਸ਼ਾਮਿਲ ਹਨ।

ਜੋ ਕਾਂਗਰਸ ਦੇ ਵਿਰੁੱਧ ਜਾ ਸਕਦਾ ਹੈ,

ਸੂਬੇ ਵਿੱਚ ਸਰਕਾਰ ਵਿਰੋਧੀ ਧਿਰ ਦੀ ਹੋਣਾ,

ਦਿੱਗਜ਼ ਕਾਂਗਰਸੀਆਂ ਵੱਲੋਂ ਇੱਕ ਟੀਮ ਵੱਜੋਂ ਕੰਮ ਨਾ ਕਰਨਾ,

'ਆਪ' ਦੇ ਉਮੀਦਵਾਰ ਦਾ ਕਾਂਗਰਸ ਵਿਚੋਂ ਆਉਣਾ,

ਕਾਂਗਰਸ ਦਾ ਸਮੇਂ ਤੋਂ ਪਹਿਲਾਂ ਖੁਦ ਨੂੰ ਜਿੱਤੇ ਸਮਝਣਾ,

ਹਮਦਰਦੀ ਵੋਟ ਪੈਣ ਦਾ ਪੱਕਾ ਭਰਮ ਪਾਲ ਬੈਠਣਾ

ਜ਼ਰੂਰਤ ਤੋਂ ਜ਼ਿਆਦਾ ਜਿੱਤ ਯਕੀਨੀ ਸਮਝਕੇ ਅੱਡੀ ਚੋਟੀ ਦਾ ਜ਼ੋਰ ਨਾ ਲਗਾਉਣਾ ਆਦਿ।

ਚਰਚਾ ਮੁਤਾਬਕ ਫਿਰ ਵੀ ਕਾਂਗਰਸ ਪਹਿਲੇ ਅਤੇ ਦੂਜੇ ਨੰਬਰ ਦੀ ਲੜਾਈ ਵਿੱਚ ਬਰਕਰਾਰ ਹੈ।

ਉਧਰ 'ਆਪ' ਦੀ ਜਿੱਤ ਬਾਰੇ ਸੂਤਰ ਅਤੇ ਜਾਣਕਾਰ ਦੱਸਦੇ ਹਨ,ਕਿ ਸੰਗਰੂਰ ਦੀ ਵੱਡੀ ਹਾਰ ਤੋਂ ਬਾਅਦ 'ਆਪ' ਦੂਜੀ ਹਾਰ ਤੋਂ ਬਚਣ ਲਈ ਸਿਰੇ ਦਾ ਜ਼ੋਰ ਲਗਾ ਰਹੀ ਹੈ ਅਤੇ ਆਪਣੇ ਉਮੀਦਵਾਰ ਸਮੇਤ ਹੋਰਨਾਂ ਕਈ ਪਾਰਟੀਆਂ ਦੇ ਆਗੂਆਂ ਨੂੰ ਤੋੜ-ਤੋੜ ਕੇ ਮੁੱਖ ਮੰਤਰੀ ਸ: ਮਾਨ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾ ਚੁੱਕੇ ਹਨ,ਤੇ ਸਰਕਾਰ ਨੇ ਪੂਰੀ ਤਾਕਤ ਝੋਕ ਰੱਖੀਂ ਹੈ,ਪਰ ਬਾਵਜੂਦ ਇਸ ਦੇ ਕੇਜਰੀਵਾਲ ਜਿੱਤ ਦੀ ਲਿਖ਼ਤ ਗਰੰਟੀ ਦਿੰਦੇ ਨਹੀਂ ਦਿਸੇ,ਲੇਕਿਨ ਇਹ ਵੀ ਸੱਚ ਹੀ ਲਗਦਾ ਹੈ,ਕਿ ਖ਼ੁਦ ਨੂੰ ਜੇਤੂ ਸਮਝਣ ਵਾਲੀ ਕਾਂਗਰਸ ਨੂੰ ਆਮ ਆਦਮੀ ਪਾਰਟੀ ਹੀ ਸਬ ਤੋਂ ਵੱਡੀ ਚੁਣੌਤੀ ਦੇ ਰਹੀ ਹੈ।

ਚਰਚਾ ਕੇ ਤੀਜੇ-ਚੌਥੇ ਨੰ: ਲਈ ਭਾਜਪਾ ਅਤੇ ਅਕਾਲੀ ਦਲ ਵਿੱਚ ਹੋਵੇਗਾ ਮੁਕਾਬਲਾ ?

ਅਕਾਲੀ-ਬਸਪਾ ਗਠਜੋੜ ਬਾਰੇ ਦੋ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ,ਇੱਕ ਵਿੱਚ ਇਹ ਕਿਹਾ ਜਾ ਰਿਹਾ ਹੈ,ਕਿ ਜਿਸ ਤਰ੍ਹਾਂ ਦਾ ਫ਼ਿੱਕਾ ਅਤੇ ਘਟੀਆ ਪ੍ਰਦਰਸ਼ਨ ਇਸ ਗਠਜੋੜ ਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਿਹਾ ਹੈ,ਉਸਦੇ ਮੱਦੇਨਜ਼ਰ ਤਾਂ ਅਕਾਲੀ-ਬਸਪਾ ਗਠਜੋੜ ਤੀਜੇ ਅਤੇ ਚੌਥੇ ਨੰਬਰ ਲਈ ਭਾਜਪਾ ਨਾਲ ਭਿੜਦਾ ਦਿੱਸ ਰਿਹਾ ਹੈ।

ਪਰ ਦੂਜੀ ਚਰਚਾ ਇਸ ਦੇ ਠੀਕ ਉਲਟ ਹੈ,ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਮੌਤ ਤੋਂ ਬਾਅਦ,ਜਿੱਥੇ ਅਕਾਲੀ ਦਲ ਨਾਲੋਂ ਟੁੱਟਾ ਪੰਥਕ ਕੇਡਰ ਹਮਦਰਦੀ ਦੇ ਤੌਰ ਤੇ ਸਹੀ ਪਰ ਪਾਰਟੀ ਨਾਲ ਮੁੜ ਜੁੜਿਆ ਹੈ,ਉੱਥੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਈਆਂ ਵੋਟਾਂ ਦੇ ਅੰਕੜੇ ਬੋਲਦੇ ਹਨ,ਕਿ ਬਸਪਾ ਆਪਣੇ ਦਮ ਤੇ 2 ਲੱਖ ਤੋਂ ਵੱਧ ਵੋਟਾਂ ਲੈ ਗਈ ਸੀ,ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ 3 ਲੱਖ 66 ਵੋਟਾਂ ਪ੍ਰਾਪਤ ਕੀਤੀਆਂ ਸਨ,ਜੇ ਇਹ ਅੰਕੜੇ ਇਕੱਠੇ ਹੋ ਕੇ ਗਠਜੋੜ ਦੇ ਹੱਕ ਵਿੱਚ ਭੁਗਤ ਗਏ ਅਤੇ ਇਨ੍ਹਾਂ ਦੇ ਉਮੀਦਵਾਰ ਦੀ ਇਮਾਨਦਾਰ ਸ਼ਵੀ ਕੋਈ ਚਮਤਕਾਰ ਕਰ ਗਈ,ਤਾਂ ਇਹ ਗਠਜੋੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਬਾਜ਼ੀ ਪਲਟ ਵੀ ਸਕਦਾ ਹੈ,ਕਿਉਂਕਿ ਸ: ਬਾਦਲ ਦੀ ਮੌਤ ਤੋਂ ਬਾਅਦ ਚੋਣਾਵੀ ਪਿੜ ਵਿੱਚ ਪ੍ਰਚਾਰ ਲਈ ਉਤਰੇ ਸ: ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਹਨ,ਕਿ ਤੁਹਾਡੀ ਕੀਮਤ ਵੋਟ ਨਾਲ ਹੋਣ ਵਾਲੀ ਜਿੱਤ ਹੀ ਮਰਹੂਮ ਸ: ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਉੱਧਰ ਭਾਜਪਾ ਦਾ ਚੌਥੇ ਨੰਬਰ ਤੇ ਆਉਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ,ਕਿਉਂਕਿ ਸਿਆਸੀ ਪੰਡਤ ਦਸਦੇ ਹਨ,ਕਿ ਭਾਜਪਾ ਜ਼ਿਮਨੀ ਚੋਣ ਜਿੱਤਣ ਦੀ ਕੋਸ਼ਿਸ਼ ਭਾਵੇਂ ਬਹੁਤੀ ਪਰਿਪੱਕਤਾ ਨਾਲ ਨਾ ਕਰ ਰਹੀ ਹੋਵੇ,ਪਰ ਉਸ ਦਾ ਮੁੱਖ ਮਕਸਦ ਹੈ ਇਸ ਚੋਣ ਰਾਹੀਂ ਪੰਜਾਬ ਦੇ ਸਿਆਸੀ ਪਿੜ ਵਿੱਚ ਆਪਣੇ ਪੈਰ ਜਮਾਉਣਾ ਅਤੇ 2024 ਦੀਆਂ ਚੋਣਾਂ ਲਈ ਸੂਬੇ ਲੋਕ ਆਧਾਰ ਬਣਾਉਣਾ।  ਭਾਜਪਾ ਬਾਰੇ ਇਹ ਵੀ ਕਿਆਸ ਲੱਗ ਰਹੇ ਹਨ,ਕਿ ਜ਼ਿਮਨੀ ਚੋਣ ਤੋਂ ਬਾਅਦ ਪੰਜਾਬ ਪ੍ਰਦੇਸ਼ ਭਾਜਪਾ ਵਿੱਚ ਵੱਡਾ ਉਲਟ ਫੇਰ ਦੇਖਣ ਨੂੰ ਮਿਲ ਸਕਦਾ ਹੈ।

 ਹੁਣ ਜਦੋਂ ਕਿ ਜਲੰਧਰ ਚੋਣ ਵਿੱਚ ਮਹਿਜ਼ ਦੋ-ਤਿੰਨ ਦਿਨ ਹੀ ਬਾਕੀ ਰਹਿ ਗਏ ਹਨ,ਅਜਿਹੇ ਵਿੱਚ ਸਾਰੀਆਂ ਧਿਰਾਂ ਨੇ ਸਿਰ ਧੜ ਦੀ ਬਾਜ਼ੀ ਤਾਂ ਜਰੂਰ ਲਾ ਦਿਤੀ ਹੈ,ਲੇਕਿਨ ਇਸ ਚੋਣ ਦੇ ਸਸਪੈਂਸ ਦਾ ਅੰਤ 13 ਤਰੀਕ ਨੂੰ ਨਤੀਜਿਆਂ ਵਾਲੇ ਦਿਨ ਹੀ ਹੋਵੇਗਾ।