ਬਟਾਲਾ/ਗੁਰਦਾਸਪੁਰ-ਵਿਸ਼ਵ ਟੀਵੀ ਨਿਊਜ਼ (ਸੈਂਡੀ ਗਿੱਲ ਅਭੀਤੇਜ ਸਿੰਘ ਗਿੱਲ) ਹਰੇਕ ਪੁਲਸ ਮੁਖੀ ਦਾ ਕੰਮ ਕਰਨ ਦਾ ਆਪਣਾ ਢੰਗ ਅਤੇ ਨਜ਼ਰੀਆ ਹੁੰਦਾ ਹੈ,ਜਿਸ ਦੇ ਚੱਲਦੇ ਕਈ ਪੁਲਿਸ ਮੁਖੀ ਆਪਣੇ ਕਾਰਜਕਾਲ ਦੀ ਅਜਿਹੀ ਬਿਹਤਰੀਨ ਸ਼ਾਪ ਛੱਡ ਜਾਂਦੇ ਹਨ,ਜਿਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਹੈ। ਬੜੇ ਲੰਬੇ ਅਰਸੇ ਬਾਅਦ ਪੁਲਸ ਜ਼ਿਲਾ ਬਟਾਲਾ 'ਚ ਬਤੌਰ ਐਸ ਐਸ ਪੀ ਦੁਬਾਰਾ ਆਏ ਸ: ਰਾਜਪਾਲ ਸਿੰਘ ਨੇ ਆਪਣੀ ਆਮਦ ਤੋਂ ਬਾਅਦ ਅੱਜ ਬਟਾਲਾ ਦੀ ਸਮੁੱਚੀ ਪ੍ਰੈਸ ਨਾਲ ਪਲੇਠੀ ਮੀਟਿੰਗ ਕੀਤੀ ਅਤੇ ਕੁੱਝ ਸੁਲਝੇ-ਅਣਸੁਲਝੇ ਸਵਾਲਾਂ ਜਵਾਬਾਂ ਨਾਲ ਪ੍ਰੈਸ ਦੇ ਰੂ-ਬਰੂ ਹੋਏ। ਡੀ ਪੀ ਆਰ ਓ ਬਟਾਲਾ ਸ: ਇੰਦਰਜੀਤ ਸਿੰਘ ਬਾਜਵਾ ਨੇ ਬੜੇ ਸੁਲਝੇ ਢੰਗ ਨਾਲ ਪੱਤਰਕਾਰਾਂ ਵੱਲੋਂ ਐਸਐਸਪੀ ਨੂੰ ਜੀ ਆਇਆਂ ਆਖਿਆ ਅਤੇ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਐਸਐਸਪੀ ਅੱਗੇ ਰੱਖਿਆ। ਇਸ ਤੋਂ ਬਾਅਦ ਸ: ਰਾਜਪਾਲ ਸਿੰਘ ਨੇ ਪੱਤਰਕਾਰਾਂ ਕੋਲੋਂ ਬਟਾਲਾ ਪੁਲਸ ਲਈ ਸਹਿਯੋਗ ਮੰਗਿਆ ਅਤੇ ਜ਼ਿੰਦਗੀ ਦੇ ਕਈ ਤਜਰਬੇ ਅਤੇ ਨੁਕਤੇ ਸਾਂਝੇ ਕੀਤੇ,ਉਥੇ ਨਾਲ ਹੀ ਪੱਤਰਕਾਰ ਭਾਈਚਾਰੇ ਨੇ ਵੀ ਦਿਲ ਖੋਲ੍ਹ ਕੇ ਐਸ ਐਸ ਪੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ ਅਤੇ ਉਨ੍ਹਾਂ ਦੇ ਪਦ ਸੰਭਾਲਣ ਤੋਂ ਪਹਿਲਾਂ ਬਟਾਲਾ ਪੁਲਿਸ ਪ੍ਰਸ਼ਾਸਨ ਵਿੱਚ ਚਲ ਰਹੀਆਂ ਕਮੀਆਂ ਨੂੰ ਉਜਾਗਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹੋਏ, ਐੱਸਐੱਸਪੀ ਕੋਲੋਂ ਬਿਹਤਰ ਅਤੇ ਲੋਕ ਪੱਖੀ ਭਵਿੱਖ ਦੀ ਆਸ ਪ੍ਰਗਟਾਈ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਰਾਜਪਾਲ ਸਿੰਘ ਬਟਾਲਾ ਪੁਲਸ ਮੁਖੀ ਵਜੋਂ ਕਿਸ ਤਰਾਂ ਦੀਆਂ ਸੇਵਾਵਾਂ ਦੇਣਗੇ,ਇਹ ਤਾਂ ਸਮਾਂ ਹੀ ਦੱਸੇਗਾ,ਪਰ ਹਾਲ ਦੀ ਘੜੀ ਚਲ ਰਹੀ ਚਰਚਾ ਮੁਤਾਬਕ ਉਹ ਸਖਤ ਲਹਿਜੇ ਅਤੇ ਇਮਾਨਦਾਰੀ ਵਜੋਂ ਜਾਣੇ-ਜਾਣ ਵਾਲੇ ਅਧਿਕਾਰੀ ਦੱਸੇ ਜਾ ਰਹੇ ਹਨ।ਜਿਸ ਦੇ ਚਲਦੇ ਬਟਾਲਾ ਵਾਸੀਆਂ ਨੂੰ ਬਹੁਤ ਹੀ ਵੱਡੀ ਉਮੀਦ ਹੈ,ਕਿ ਉਹ ਆਪਣੇ ਕਾਰਜਕਾਲ ਦੌਰਾਨ ਪੁਲਿਸ ਜ਼ਿਲਾ ਬਟਾਲਾ ਨੂੰ ਜੁਰਮ ਰਹਿਤ ਕਰਨ 'ਚ ਅਹਿਮ ਰੋਲ ਅਦਾ ਕਰਨਗੇ। ਇਸ ਮੌਕੇ ਤੇ ਐਸ ਪੀ ਹੈਡਕੁਆਟਰ ਬਟਾਲਾ ਸ: ਗੁਰਪ੍ਰੀਤ ਸਿੰਘ ਗਿੱਲ ਉਚੇਚੇ ਤੌਰ ਤੇ ਮੌਜੂਦ ਰਹੇ।
