ਕਾਹਲੋਂ ਆਪਣੇ ਤਿਆਗ,ਨਾਲ ਆਖਰੀ ਬੂਟਾ ਲਾ ਗਏ।  ਕੱਲ੍ਹ ਹੋਣਗੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ।  ਰਵੀਕਰਨ ਦੇ ਮੋਢਿਆਂ ਤੇ ਦੋਹਰੀ ਨਹੀਂ ਤਿਹਰੀ ਜ਼ਿੰਮੇਵਾਰੀ।
ਕਾਹਲੋਂ ਆਪਣੇ ਤਿਆਗ,ਨਾਲ ਆਖਰੀ ਬੂਟਾ ਲਾ ਗਏ।

ਕੱਲ੍ਹ ਹੋਣਗੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ।

ਰਵੀਕਰਨ ਦੇ ਮੋਢਿਆਂ ਤੇ ਦੋਹਰੀ ਨਹੀਂ ਤਿਹਰੀ ਜ਼ਿੰਮੇਵਾਰੀ।

ਬਟਾਲਾ-ਅੰਮ੍ਰਿਤਸਰ-ਵਿਸਵ ਟੀਵੀ ਨਿਊਜ਼ (ਸੈਂਡੀ ਗਿੱਲ ਅਭੀਤੇਜ ਸਿੰਘ ਗਿੱਲ)

 *ਸੂਰਤੇ ਬੀ ਸਾਰੀ ਵਹੀ ਹੈ,

ਲੋਕ ਬੀ ਸਾਰੇ ਵਹੀ, 

ਇੱਕ ਤੇਰੇ ਜਾਨੇ ਸੇ,ਲੇਕਿਨ

ਸਾਰਾ ਜਹਾਂ ਕਿਉਂ ਸੁਨਾਂ ਲਗੇ।* 

ਜੀ ਹਾਂ,ਜਦੋਂ ਕੋਈ ਆਪਣਾ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੁੰਦਾ ਹੈ,ਤਾਂ ਕਈ ਦਿਨਾਂ ਤੱਕ ਤਾਂ ਉਸ ਦੀ੍ ਭੁਲੇਖੇ ਪਾਉਂਦੀ ਆਹਟ ਇਹ ਯਕੀਨ ਹੀ ਨਹੀਂ ਹੋਣ ਦੇੰਦੀ,ਕਿ ਸਾਡਾ ਹਰ ਦਿਲ ਅਜੀਜ਼ ਸਦਾ ਲਈ ਸਾਥੋਂ ਵਿਛੜ ਚੁੱਕਾ। 

ਅਸੀਂ ਅੱਜ ਉਸ ਵਿਛੜੀ ਰੂਹ ਸ: ਨਿਰਮਲ ਸਿੰਘ ਕਾਹਲੋਂ ਬਾਰੇ ਜ਼ਿਕਰ ਕਰਾਂਗੇ,ਜਿਹੜੇ ਕੁੱਝ ਦਿਨ ਪਹਿਲਾਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। 

ਅਕਸਰ ਕਿਹਾ-ਸੁਣਿਆ ਜਾਂਦਾ ਹੈ,ਕਿ ਮੌਤ ਤੋਂ ਕੁਝ ਕੁ ਪਲ ਪਹਿਲਾਂ ਸਾਰਾ ਗੁਜਰਿਆ ਅਤੀਤ ਪਰਛਾਵੇਂ ਦੇ ਰੂਪ 'ਚ ਬੰਦੇ ਦੇ ਸਾਹਮਣੇ ਆ ਜਾਂਦਾ ਹੈ।

ਸਰਦਾਰ ਕਾਹਲੋਂ ਨੇ ਵੀ ਆਪਣੇ ਅੰਤਮ ਪਲਾਂ ਵਿੱਚ ਇਹ ਜ਼ਰੂਰ ਸੋਚਿਆ ਹੋਵੇਗਾ,ਕਿ ਜਦੋਂ ਮੈਂ ਜੰਮਿਆ ਤਾਂ ਮੇਰੇ ਪਿਤਾ ਨੇ ਮੇਰਾ ਮੱਥਾ ਚੁੰਮ,ਓਸ ਵਾਹਿਗੁਰੂ ਅੱਗੇ ਧੰਨਵਾਦੀ ਅਰਦਾਸ ਕੀਤੀ ਹੋਵੇਗੀ,ਕਿ ਹੇ ਸੱਚੇ ਪਾਤਸ਼ਾਹ ਅੱਜ ਜਿਸ ਪੁੱਤਰ ਦੇ ਰੂਪ ਵਿੱਚ ਮੇਰੀ ਝੋਲੀ ਭਰੀ ਹੈ,ਇਸ ਪੁੱਤਰ ਨੂੰ ਕਦੇ ਤੱਤੀਆਂ ਹਵਾਵਾਂ ਨਾ ਲੱਗਣ ਤੇ ਜ਼ਿੰਦਗੀ ਵਿੱਚ ਖੂਬ ਤਰੱਕੀ ਕਰੇ। ਮਿੱਤਰ ਪਿਆਰਿਓ ਅਜੋਕੇ ਅਤੇ ਮੌਜੂਦਾ ਸਮੇਂ ਵਿੱਚ ਹਰ ਮਾਂ-ਬਾਪ ਆਪਣਾ ਭਵਿੱਖ ਆਪਣੀ ਔਲਾਦ,ਖਾਸ ਕਰ ਪੁੱਤਰਾਂ ਵਿੱਚ ਦੇਖਦਾ ਹੈ, ਸੁਭਾਵਿਕ ਹੈ,ਕਿ ਸ: ਕਾਹਲੋਂ ਦੇ ਪਿਤਾ ਨੇ ਵੀ ਆਪਣਾ ਅਤੇ ਪਰਿਵਾਰ ਦਾ ਭਵਿੱਖ ਸ: ਨਿਰਮਲ ਸਿੰਘ ਕਾਹਲੋਂ ਵਿੱਚ ਵੀ ਜ਼ਰੂਰ ਦੇਖਿਆ ਹੋਵੇਗਾ,ਕਾਹਲੋਂ ਅੱਗੇ ਸੋਚਦੇ ਹੋਣਗੇ,ਕਿ ਅੱਲੜ ਉਮਰ ਤੋਂ ਮੇਰੇ ਬਾਪੂ ਨੇ ਮੈਨੂੰ ਪੜ੍ਹਾਇਆ-ਲਿਖਾਇਆ ਅਤੇ ਇਸ ਕਾਬਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ,ਮੇਰਾ ਪੁੱਤ ਕਿਸੇ ਤੋਂ ਘੱਟ ਨਾ ਰਹਿ ਜਾਵੇ। ਮੇਰੇ ਬਾਪੂ ਨੇ ਮੈਨੂੰ ਉੱਚ ਮਿਆਰੀ ਸਿੱਖਿਆ ਦਵਾਈ ਅਤੇ ਫਿਰ ਮੇਰਾ ਰੁਝਾਨ,ਪਰਵਰਦਗਾਰ ਦੀ ਕਿਰਪਾ ਨਾਲ ਸਿਆਸਤ ਵੱਲ ਝੁਕਿਆ ਅਤੇ ਫਿਰ ਮੈਂ ਉਸ ਸਿਆਸੀ ਪੈਂਡੇ ਤੁਰ ਪਿਆ,ਜਿਸ ਦਾ ਰਸਤਾ ਕਿਹਾ ਤਾਂ ਖੂਬਸੂਰਤ ਜਾਂਦਾ ਹੈ,ਪਰ ਹੁੰਦਾ ਕੰਡਿਆਲੀ ਹੈਂ। ਮੈਂ ਪੜਾਅ-ਦਰ-ਪੜਾਅ ਇਸ ਰਸਤੇ ਤੇ ਤੁਰਿਆ ਗਿਆ ਤੇ ਸਿਆਸਤ ਨੇ ਮੈਨੂੰ ਸਮੇਂ-ਸਮੇਂ ਤੇ ਉੱਚ ਅਹੁਦਿਆਂ ਨਾਲ ਨਿਵਾਜਿਆ ਤੇ ਸਮਾਜ ਵਿਚ ਇਸ ਮੁਕਾਮ ਤੇ ਬਿਠਾ ਦਿੱਤਾ ਹੈ,ਕਿ ਅੱਜ ਜਦੋਂ ਮੈਂ ਏਥੋਂ ਤਿਆਰੀ ਵਿੱਚ ਹਾਂ,ਤਾਂ ਇਹ ਅਹਿਸਾਸ ਜਿਹਾ ਹੁੰਦਾ ਜਾਪਦਾ ਹੈ,ਕੇ ਮੇਰੇ ਤੁਰ ਜਾਣ ਤੋਂ ਬਾਅਦ ਹਜ਼ਾਰਾਂ ਨੱਮ ਅੱਖਾਂ ਮੈਨੂੰ ਆਪਣੇ ਹੱਥਾਂ ਨਾਲ ਤੋਰਨਗੀਆਂ। ਜਾਣਾ ਤਾਂ ਜੱਗ ਦੀ ਰੀਤ ਹੈ ਅਤੇ ਸਾਡੇ ਗੁਰੂ-ਬਾਬੇ ਵੀ ਏਥੇ ਨਹੀਂ ਰਹੇ,ਪਰ ਮੈਨੂੰ ਮੇਰੇ ਜਾਣ ਤੇ ਇਕ ਧਰਵਾਸ ਜ਼ਰੂਰ ਮਿਲ ਰਹੀ ਹੈ,ਕਿ ਮੈਂ ਸਿਆਸੀ ਸਫ਼ਰ ਦੌਰਾਨ ਆਪਣਾ ਜਿਹੜਾ ਬਾਗ਼-ਬਗੀਚਾ ਰੱਬਾ ਤੇਰੀਆਂ ਰਹਿਮਤਾਂ ਨਾਲ ਸਿਰਜਿਆ ਸੀ,ਉਸ ਵਿੱਚ ਮੇਰੇ ਦੋ ਪੁੱਤਰਾਂ ਦੇ ਰੂਪ ਵਿੱਚ ਉਹ ਫੁੱਲ ਮਹਿਕ ਰਹੇ ਹਨ,ਜਿਹੜੇ ਮੇਰੀ ਰੂਹ ਨੂੰ ਸਦਾ ਉਸ ਬਗ਼ੀਚੇ 'ਚ ਜ਼ਿੰਦਾ ਰਹਿਣ ਦਾ ਅਹਿਸਾਸ ਕਰਵਾਉਂਦੇ ਰਹਿਣਗੇ। ਹੇ ਰੱਬਾ ਹੁਣ ਜਦੋਂ ਤੂੰ ਮੈਨੂੰ ਆਪਣੇ ਕੋਲ ਬੁਲਾ ਰਿਹਾ ਹੈ,ਤਾਂ ਮਨ ਵਿੱਚ ਕੋਈ ਖ਼ਵਾਹਿਸ਼,ਗਿਲਾ ਜਾਂ ਸ਼ਿਕਵਾ ਨਹੀਂ,ਕਿਉਂਕਿ ਤੁਸਾਂ ਮੈਨੂੰ ਉਹ ਸਭ ਕੁਝ ਦਿੱਤਾ,ਜਿਸ ਦਾ ਸ਼ਾਇਦ ਮੈਂ ਹੱਕਦਾਰ ਵੀ ਨਾ ਹੋਵਾਂ,ਪਰ ਬਾਵਜੂਦ ਇਸ ਦੇ ਤੁਸੀਂ ਸਾਰਿਆਂ ਰੁਤਬਿਆਂ ਨਾਲ ਨਿਵਾਜਿਆ ਅਤੇ ਮੈਨੂੰ ਇਹ ਮੁਬਾਰਿਕ ਮੌਕਾ ਦਿੱਤਾ,ਕਿ ਮੈਂ ਜੀਂਦੇ ਜੀਅ ਆਪਣੀਆਂ ਮਹੱਤਵ-ਆਕਾਂਕਸ਼ਾ ਨੂੰ ਪਾਸੇ ਰੱਖ ਆਪਣੀ ਫੁੱਲਵਾੜੀ ਦੇ ਇੱਕ ਬੂਟੇ ਨੂੰ ਸਿਆਸਤ ਵਿਚ ਅੱਗੇ ਲਾਵਾਂ। ਤੁਹਾਡੀ ਕਿਰਪਾ ਸਦਕਾ ਮੈਂ ਆਪਣੇ ਅੰਤਮ ਸਮੇਂ ਵਿੱਚ ਇਹ ਮੁਕਾਮ ਹਾਸਲ ਕਰਨ ਵਿੱਚ ਵੀ ਸਫ਼ਲ ਹੋ ਗਿਆ ਅਤੇ ਆਪਣੇ ਵੱਡੇ ਪੁੱਤਰ ਸ: ਰਵੀਕਰਨ ਸਿੰਘ ਕਾਹਲੋਂ ਨੂੰ ਆਪਣੇ ਵਾਲ਼ੇ ਰਾਜਸੀ ਪੈਂਡੇ ਤੇ ਤੋਰ ਦਿੱਤਾ ਹੈ। ਚਾਹੇ ਸਮੇਂ ਨੇ ਇਹ ਇਜਾਜ਼ਤ ਨਹੀਂ ਦਿੱਤੀ,ਕਿ ਮੈਂ ਜਾਣ ਤੋਂ ਪਹਿਲਾਂ ਆਪਣੇ ਪੁੱਤ ਦਾ ਜਿੱਤ ਦੇ ਰੂਪ ਵਿੱਚ ਮੱਥਾ ਚੁੰਮਾ,ਪਰ ਰੱਬਾ ਅਫ਼ਸੋਸ ਰੱਤੀ ਭਰ ਵੀ ਨਹੀਂ ਹੈ,ਕਿਉਕੇ ਤੇਰੀਆਂ ਰਹਿਮਤਾਂ ਵਿੱਚ ਦੇਰ-ਸਵੇਰ ਅਤੇ ਉਤਰਾਅ-ਚੜ੍ਹਾਅ ਮੈਂ ਅੱਖੀਂ ਵੇਖੇ ਹਨ,ਇਸ ਲਈ ਤੇਰੇ ਤੇ ਪੂਰਨ ਭਰੋਸਾ ਹੈ। ਬੱਸ ਆਪਣੇ ਅੰਤਿਮ ਸਮੇਂ ਵਿਚ ਇੱਕ ਆਖਰੀ ਜੋਦੜੀ ਤੇਰੇ ਚਰਨਾਂ ਵਿੱਚ ਰਹੇਗੀ,ਕਿ ਜਿਸ ਤਰ੍ਹਾਂ ਮੇਰੇ ਬਾਪੂ ਨੇ ਮੇਰੇ ਲਈ ਤੱਤੀਆਂ ਹਵਾਵਾਂ ਦੂਰ ਰਹਿਣ ਦੀਆਂ ਦੁਆਵਾਂ ਕੀਤੀਆਂ ਹੋਣਗੀਆਂ,ਉਸੇ ਤਰ੍ਹਾਂ ਹੀ ਮੇਰਾ ਮੰਨ ਵੀ ਤੱਤਪਰ ਹੈ,ਕਿ ਮੇਰੇ ਦੋਨੋਂ ਲਖਤੇ-ਜਿਗਰ ਆਪਣੇ-ਆਪਣੇ ਖੇਤਰ ਵਿੱਚ ਸੇਵਾ ਨੂੰ ਸਮਰਪਿਤ ਹੁੰਦੇ ਹੋਏ ਨਾ ਸਿਰਫ ਨਾਮਣਾ ਖੱਟਣ,ਬਲਕਿ ਪਿਓ ਦੀ ਚਿੱਟੀ ਪੱਗ ਨੂੰ ਕਦੇ ਦਾਗ਼ਦਾਰ ਨਾ ਹੋਣ ਦੇਣ ਅਤੇ ਜਦੋਂ ਵੀ ਕਿਤੇ ਸਮੇਂ ਦੇ ਚਲਦਿਆਂ ਇਨ੍ਹਾਂ ਵਿਚ ਆਪਸੀ ਮਨ-ਮੁਟਾਵ ਜਨਮ ਲਵੇ,ਤਾਂ ਰੱਬਾ ਇਨ੍ਹਾਂ ਨੂੰ ਸੁਮੱਤ ਬਖਸ਼ੀ ਤੇ,ਇਹ ਇੱਕ ਦੂਜੇ ਦਾ ਸਹਾਰਾ ਬਣ ਕੇ ਜ਼ਿੰਦਗੀ ਵਿੱਚ ਰਹਿੰਦਾ ਸਫਰ ਤੈਅ ਕਰਨ। ਮਿੱਤਰ ਪਿਆਰਿਓ ਅਸੀਂ ਸਭ ਜਾਣਦੇ ਹਾਂ,ਕਿ ਹੈ ਸਰੀਰਕ ਤੌਰ ਤੇ ਸ: ਨਿਰਮਲ ਸਿੰਘ ਕਾਹਲੋਂ ਸਾਡੇ ਕੋਲੋਂ ਜਾ ਚੁੱਕੇ ਹਨ,ਲੇਕਿਨ ਉਹਨਾਂ ਦੇ ਦੋਨੋਂ ਜਿਗਰ ਦੇ ਟੁਕੜੇ ਸ: ਰਵੀਕਰਨ ਸਿੰਘ ਕਾਹਲੋਂ ਅਤੇ ਡਾਕਟਰ ਸ਼ਿਵ ਕਰਨ ਸਿੰਘ ਕਾਹਲੋਂ,ਉਹਨਾਂ ਦੀ ਅਦਭੁੱਤ ਸ਼ਖ਼ਸੀਅਤ ਨੂੰ ਸਦਾ ਸ: ਕਾਹਲੋਂ ਨਾਲ ਜੋੜੀ ਰੱਖਣਗੇ ਅਤੇ ਉਹਨਾਂ ਵਾਂਗ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਜੜ੍ਹਾਂ ਮਜ਼ਬੂਤ ਕਰਨ ਅਤੇ ਪਾਰਟੀ ਵਿੱਚ ਆਏ ਨਿਘਾਰ ਨੂੰ ਮੁੜ ਸਿਖਰਾਂ ਤੇ ਪਹੁੰਚਾਉਣ ਵਿਚ ਆਪਣਾ ਅਹਿਮ ਤੇ ਵਿਸ਼ੇਸ਼ ਯੋਗਦਾਨ ਪਾਉਣਗੇ। ਦੋਸਤੋ ਕੱਲ ਦਿਨ ਸੋਮਵਾਰ 25 ਜੁਲਾਈ 2022 ਨੂੰ ਸ: ਕਾਹਲੋਂ ਦਾ ਸ਼ਰਧਾਂਜਲੀ ਸਮਾਰੋਹ ਫਤਹਿਗੜ੍ਹ ਚੂੜੀਆਂ ਦੀ ਦਾਣਾ ਮੰਡੀ ਵਿੱਚ ਰੱਖਿਆ ਗਿਆ ਹੈ,ਜਿੱਥੇ ਹਰ ਉਹ ਸ਼ਖਸ ਜ਼ਰੂਰ ਪੁੱਜੇਗਾ,ਜਿਹੜਾ ਕਾਹਲੋਂ ਪਰਿਵਾਰ ਨਾਲ ਆਪਣੀਆਂ ਨਜ਼ਦੀਕੀਆਂ ਅਤੇ ਇੱਕ ਵਿਸ਼ੇਸ਼ ਸਨੇਹ ਰੱਖਦਾ ਹੈ। ਆਓ ਸੋਮਵਾਰ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਕੇ ਇਹ ਦਰਸਾਈਏ ਕੇ ਵਾਕਿਆ ਹੀ ਸ: ਕਾਹਲੋ ਜਬਰਦਸਤ ਸਿਆਸੀ ਸਖਸ਼ੀਅਤ ਦੇ ਮਾਲਕ ਰਹੇ ਅਤੇ ਉਨ੍ਹਾਂ ਆਪਣੇ ਰਾਜਸੀ ਜੀਵਨ ਵਿੱਚ ਲੱਗਭਗ ਹਰ ਉਹ ਅਹੁੱਦਾ ਪ੍ਰਾਪਤ ਕੀਤਾ,ਜਿਸ ਦੀ ਹਰੇਕ ਸਿਆਸੀ ਆਗੂ ਕਾਮਨਾਂ ਕਰਦਾ ਹੈ। ਦੋਸਤੋ ਜਾਣ ਵਾਲਿਆਂ ਦੇ ਘਾਟੇ ਤੇ ਕਦੇ ਪੂਰੇ ਨਹੀਂ ਹੋਇਆ ਕਰਦੇ ਹਨ,ਲੇਕਿਨ ਕਾਹਲੋਂ ਪਰਿਵਾਰ ਅਤੇ ਪਾਰਟੀ ਨੂੰ ਇੱਕ ਉਮੀਦ ਤਾਂ ਜ਼ਰੂਰ ਰਹੇਗੀ,ਕਿ ਉਹ ਸਦਾ ਸ: ਕਾਹਲੋਂ ਵਰਗੇ ਕੱਦਾਵਰ ਅਤੇ ਸੂਝਵਾਨ ਆਗੂ ਦਾ ਮਾਰਗ ਦਰਸ਼ਨ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਤਜਰਬਿਆਂ ਦੇ ਰੂਪ ਵਿੱਚ ਕਰਦੇ ਰਹਿਣਗੇ।

 *ਉਮਰਾਂ ਦੇ ਲੰਬੇ ਕਾਫ਼ਲੇ,

ਏਦਾਂ ਗੁਜ਼ਰ ਗਏ,

ਜ਼ਿੱਦਾ ਹੁੰਗਾਰਾ ਭਰਦਿਆਂ,

ਕਹਾਣੀ ਚਲੀ ਗਈ।* 

ਅੱਲਵਿਦਾ।