ਲਉ ਜੀ ਪੈ ਗਿਆ ਸਿਆਪਾ  ਸੇਖੜੀ-ਤੇਜਾ ਭਿੜੇ   ਪੜ੍ਹੋ- ਖ਼ਬਰ, ਵੇਖੋ ਵੀਡੀਓ
ਲਉ ਜੀ ਪੈ ਗਿਆ ਸਿਆਪਾ ਸੇਖੜੀ-ਤੇਜਾ ਭਿੜੇ ਪੜ੍ਹੋ- ਖ਼ਬਰ, ਵੇਖੋ ਵੀਡੀਓ

ਬਟਾਲਾ, 8 ਜਨਵਰੀ (ਸੈਂਡੀ ਗਿੱਲ, ਅਭਿਤੇਜ ਸਿੰਘ ਗਿੱਲ)-

 ਦਿਨ-ਬੇ-ਦਿਨ ਤੱਤੀ ਹੁੰਦੀ ਜਾ ਰਹੀ ਸਿਆਸਤ ਪੂਰੀ ਠੰਡ 'ਚ ਵੀ ਸਿਆਸੀ ਬੰਦੇ ਗਰਮ ਕਰ ਰਹੀ ਹੈ। ਜਿਸ ਦਾ ਡਰ ਸੀ ਉਹ ਸਿਆਪਾ ਆਖ਼ਰਕਾਰ ਅੱਜ ਬਟਾਲਾ ਵਿਚ ਪੈ ਹੀ ਗਿਆ। ਜੱਗ ਜ਼ਾਹਿਰ ਹੈ ਕਿ ਬਟਾਲਾ ਵਿਚ ਅਸ਼ਵਨੀ ਸੇਖੜੀ ਸਾਬਕਾ ਵਿਧਾਇਕ ਅਤੇ ਮੌਜੂਦਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਧੜਿਆਂ ਵਿਚਕਾਰ ਇੱਟ ਕੁੱਤੇ ਵਾਲਾ ਵੈਰ ਪੈਂਦਾ ਹੁੰਦਾ  ਦਿਖਾਈ ਦੇ ਰਿਹਾ ਸੀ, ਲੇਕਿਨ ਇਸ ਸਭ ਦੇ ਬਾਵਜੂਦ ਤ੍ਰਿਪਤ ਬਾਜਵਾ ਬਟਾਲੇ ਦਾ ਰੱਜ ਕੇ ਵਿਕਾਸ ਕਰਾ ਰਹੇ ਸਨ, 

ਜਦਕਿ ਸੇਖੜੀ ਧਰਾ ਉਨ੍ਹਾਂ ਨੂੰ ਤਾਲਿਬਾਨ ਤੱਕ ਕਹਿੰਦਾ ਹੋਇਆ ਜ਼ਬਰਦਸਤ ਵਿਰੋਧ ਦਰਜ ਕਰਵਾ ਰਿਹਾ ਸੀ। ਹੁਣ ਜਦੋਂ ਨਗਰ ਕੌਂਸਲ ਚੋਣਾਂ ਦਾ ਐਲਾਨ ਹੋਇਆ ਹੈ ਤਾਂ ਇਹ ਦੋਨੋਂ ਧੜੇ ਇੱਕ ਦੂਜੇ ਨੂੰ ਧੱਕਣ ਲਈ ਤਿਆਰ ਹੋ ਗਏ ਹਨ, ਜਿਸ ਦੀ ਸ਼ੁਰੂਆਤ ਅੱਜ ਕਾਂਗਰਸ ਭਵਨ ਬਟਾਲਾ ਤੋਂ ਕਰ ਦਿੱਤੀ ਗਈ ਹੈ।ਪ੍ਰਦੇਸ਼ ਕਾਂਗਰਸ ਵੱਲੋਂ ਅਬਜ਼ਰਵਰ ਥਾਪੇ ਗਏ ਸ਼੍ਰੀ ਓ.ਪੀ. ਸੋਨੀ ਕੈਬਨਿਟ ਮੰਤਰੀ ਪੰਜਾਬ ਦਾ ਅੱਜ ਬਟਾਲਾ 'ਚ ਪਹਿਲਾ ਦੌਰਾ ਸੀ ਅਤੇ ਉਨ੍ਹਾਂ ਸਾਰੀ ਕਾਂਗਰਸ ਨੂੰ ਬਟਾਲਾ ਦੇ ਕਾਂਗਰਸ ਭਵਨ ਵਿਚ ਬੁਲਾਇਆ ਸੀ, ਜਦੋਂ ਉਥੇ ਦੋਨੋਂ ਧਿਰਾਂ ਇਕੱਠੀਆਂ ਹੋਈਆਂ ਤਾਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਬਾਅਦ ਵਿਚ ਸ਼੍ਰੀ ਅਸ਼ਵਨੀ ਸੇਖੜੀ ਅਤੇ ਸ. ਤੇਜਾ ਖ਼ੂਬ ਗਾਲ਼ੀਓ ਗਾਲ਼ੀ ਹੋਏ ਅਤੇ ਇੱਕ ਦੂਜੇ ਦੇ ਸਮਰਥਕਾਂ ਨੇ ਰੱਜ ਕੇ ਗਾਲੀ ਗਲੋਚ ਕਰਦੇ ਹੋਏ ਖੂਬ ਤਮਾਸ਼ਾ ਦਿਖਾਇਆ, 

ਜਿਹੜਾ ਕਿ ਰਾਜਨੀਤਿਕ ਤੌਰ ਤੇ ਕਿਸੇ ਤਰ੍ਹਾਂ ਵੀ  ਉਚਿਤ ਨਹੀਂ ਹੈ। ਇੱਥੇ ਸ੍ਰੀ ਸੋਨੀ ਮਾਈਕ 'ਚ ਪੂਰੇ ਗੁੱਸੇ ਨਾਲ ਕਈ ਕੁਝ ਕਹਿੰਦੇ ਸੁਣੇ ਗਏ ਅਤੇ ਉਨ੍ਹਾਂ ਮੌਜੂਦ ਕਾਂਗਰਸੀਆਂ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ। ਉਧਰ ਸਿਆਸੀ ਮਾਹਿਰ ਦੱਸਦੇ ਹਨ ਕਿ ਜਿਸ ਤਰ੍ਹਾਂ ਦੋਵਾਂ ਧੜਿਆਂ ਵਿਚ ਦੁਸ਼ਮਣੀ ਸ਼ਰ੍ਹੇਆਮ ਨਿੱਤਰ ਕੇ ਸਾਹਮਣੇ ਆਉਣ ਲੱਗੀ ਹੈ, ਇਸ ਨਾਲ ਆਉਂਦੇ ਦਿਨਾਂ ਵਿਚ ਚੋਣਾਂ ਦੌਰਾਨ ਜਿੱਥੇ ਵੱਡੀ ਪੱਧਰ ਤੇ ਤਕਰਾਰ ਹੋਣਾ ਸੰਭਵ ਹੈ ਅਤੇ ਇਸ ਦਾ ਸਿੱਧਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਵੇਗਾ, ਉੱਥੇ ਨਾਲ ਹੀ ਇਸ ਦਾ ਸਿਆਸੀ ਫ਼ਾਇਦਾ ਅਕਾਲੀ, ਭਾਜਪਾ ਅਤੇ ਆਮ ਆਦਮੀ ਪਾਰਟੀ ਚੁੱਕ ਸਕਦੀਆਂ ਹਨ।

ਲਉ ਜੀ ਪੈ ਗਿਆ ਸਿਆਪਾ