ਕੈਪਟਨ ਜੀ ਸੰਭਲੋ,ਮੋਦੀ-ਕੇਜਰੀਵਾਲ ਵਾਲੀ ਗਲਤੀ ਨਾ ਕਰੋ
ਕੈਪਟਨ ਜੀ ਸੰਭਲੋ,ਮੋਦੀ-ਕੇਜਰੀਵਾਲ ਵਾਲੀ ਗਲਤੀ ਨਾ ਕਰੋ

ਚੰਡੀਗੜ੍ਹ - 1 ਮਈ - (ਅਭਿਤੇਜ ਸਿੰਘ ਗਿੱਲ)

 ਹਿੰਦੋਸਤਾਨ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਤਾਕਤਵਰ ਲੋਕਤੰਤਰ ਦੇਸ਼ ਕਿਹਾ ਅਤੇ ਮੰਨਿਆ ਜਾਂਦਾ ਹੈ। ਬਾਵਜੂਦ ਇਸ ਤੇ ਜਦੋਂ ਵੀ ਇੱਥੇ ਕੋਈ ਵੱਡੀ ਤਰਾਸਦੀ ਜਾਂ ਮਹਾਂਮਾਰੀ ਫੈਲੀ ਹੈ,ਤਾਂ ਇੱਥੋਂ ਦਾ ਸਿਸਟਮ ਹਮੇਸ਼ਾਂ ਮੂਧੇ ਮੂੰਹ ਡਿੱਗਾ ਦਿਖਾਈ ਦਿੱਤਾ ਹੈ। ਜੱਗ ਜ਼ਾਹਿਰ ਹੈ ਕਿ ਕੋਰੋਨਾ ਮਹਾਂਮਾਰੀ ਦੇ ਪਹਿਲੇ ਦੌਰ ਵਿਚ ਸਾਡੇ ਦੇਸ਼ਵਾਸੀਆਂ ਨੇ ਨਾ ਸਿਰਫ਼ ਭਿਆਨਕ ਮੰਜ਼ਰ ਅੱਖੀਂ ਦੇਖਿਆ, ਬਲਕਿ ਸੜਕਾਂ ਤੇ ਰੁਲਦੀਆਂ ਲਾਸ਼ਾਂ ਅਤੇ ਸੈਂਕੜੇ ਕਿਲੋਮੀਟਰ ਪੈਦਲ ਚੱਲੇ ਲੋਕਾਂ ਦੀਆਂ ਆਹਟਾਂ, ਸਵਾਏ ਮੌਜੂਦਾ ਹਕੂਮਤ ਦੇ ਹਰ ਇਕ ਨੂੰ ਸੁਣੀਆਂ,ਲੇਕਿਨ ਮਜਾਲ ਏ ਕੇ ਸਾਡੀ ਕੇਂਦਰੀ ਹਕੂਮਤ ਨੇ ਇਸ ਸਭ ਤੋਂ ਸਬਕ ਲੈ ਕੇ ਕੋਰੋਨਾ ਦਾ ਦੂਜਾ ਦੌਰ ਆਉਣ ਤੋਂ ਪਹਿਲਾਂ- ਪਹਿਲਾਂ ਵੱਡੇ ਦੇਸ਼ 'ਚ ਵੱਡੇ ਪ੍ਰਬੰਧ ਕਰਨ ਦੀ ਜ਼ਹਿਮਤ ਕੀਤੀ ਹੋਵੇ।ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਦੋਂ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇਸ਼ ਵਿੱਚ ਦਸਤਕ ਦੇ ਚੁੱਕੀ ਸੀ,ਤਾਂ ਉਸ ਵਕਤ ਸਾਡੀ ਆਵਾਮ ਅਤੇ ਸਾਡੀ ਕੇਂਦਰੀ ਹਕੂਮਤ ਨੇ ਬੜੀ ਬੁਰੀ ਤਰ੍ਹਾਂ ਬੇਰੁਖ਼ੀ ਵਿਖਾਈ ਅਤੇ ਅੱਸੀ ਕੋਰੋਨਾ ਨੂੰ ਟਿੱਚ ਸਮਝਦੇ ਹੋਏ ਨਾ ਕੋਈ ਪਰਹੇਜ਼ ਕੀਤਾ ਅਤੇ ਨਾ ਸਾਡੀ ਸਰਕਾਰ ਨੇ ਕੋਈ ਅਗਾਊਂ ਜ਼ਰੂਰੀ ਪ੍ਰਬੰਧ। ਅਸੀਂ ਸਭ ਨੇ ਗੋਦੀ ਮੀਡੀਆ ਸਮੇਤ ਬਾਕੀ ਮੀਡੀਆ ਵਿੱਚ ਵੀ ਅੱਖੀਂ ਦੇਖਿਆ ਤੇ ਕੰਨੀਂ ਸੁਣਿਆ ਕਿ ਉਸ ਵਕਤ ਸਾਡੇ ਦੇਸ਼ ਦੇ ਸਭ ਤੋਂ ਗ਼ਰੀਬ ਪ੍ਰਧਾਨ ਮੰਤਰੀ ਸ੍ਰੀ ਮੋਦੀ ਪੁਖ਼ਤਾ ਪ੍ਰਬੰਧ ਕਰਵਾਉਣ ਦੀ ਬਜਾਏ ਪੱਛਮੀ ਬੰਗਾਲ ਵਿੱਚ ਸੱਤਾ ਹਾਸਲ ਕਰਨ ਲਈ ਕੀ-ਕੀ ਡਰਾਮੇ ਕਰ ਅਤੇ ਕਰਵਾ ਰਹੇ ਸਨ ,ਜੇਕਰ ਉਦੋਂ ਮੋਦੀ ਜੀ ਨੇ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਅੱਜ ਨਾ ਹੀ ਕੋਰੋਨਾ ਮੌਤ ਦਾ ਇੰਨਾ ਵੱਡਾ ਕਹਿਰ ਬਰਪਾ ਪਾਉਂਦਾ ਅਤੇ ਨਾ ਹੀ ਲਾਸ਼ਾਂ ਮੜ੍ਹੀਆਂ ਨੂੰ ਤਰਸਦੀਆਂ। ਦੇਸ਼ ਦੇ ਮੁਖੀ ਦੀ ਅਣਗਹਿਲੀ,ਲਾਪ੍ਰਵਾਹੀ ਅਤੇ ਬੇਫ਼ਿਕਰੀ ਨੇ ਨਾ ਸਿਰਫ਼ ਹਿੰਦੋਸਤਾਨ ਦੇ ਸਿਸਟਮ ਨੂੰ ਪੂਰੀ ਦੁਨੀਆਂ ਵਿੱਚ ਸ਼ਰਮਸ਼ਾਰ ਕੀਤਾ ਹੈ ,ਬਲਕਿ ਆਕਸੀਜਨ ਲਈ ਸੜਕਾਂ ਤੇ ਤੜਫਦੇ-ਰੁਲਦੇ ਲਾਚਾਰ ਲੋਕਾਂ ਦੀਆਂ ਬਦਸੀਸਾਂ ਦੇਸ਼ ਦੇ ਦਾਅਵਿਆਂ ਨੂੰ ਗ੍ਰਹਿਣ ਲਗਾ ਗਈਆਂ। 

ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਰਾਜਨੀਤਕ ਪਾਰਟੀ ਦੀ ਮੁਖ਼ਾਲਫ਼ਤ ਦੀ ਗੱਲ ਨਹੀਂ ਕਰਦੇ,ਬਲਕਿ ਦੇਸ਼ ਵਾਸੀਆਂ ਨੂੰ 2014 ਵਿੱਚ ਗੋਦੀ ਮੀਡੀਆ ਰਾਹੀਂ ਪੁਕਾਰ-ਪੁਕਾਰ ਕੇ ਇਹ ਕਿਹਾ ਗਿਆ ਹੋਰਨਾਂ ਰਾਜਨੀਤਕ ਪਾਰਟੀਆਂ ਨੇ 70 ਸਾਲ ਵਿੱਚ ਦੇਸ਼ ਦਾ ਭਲਾ ਨਹੀਂ ਕੀਤਾ ਅਤੇ ਜੇਕਰ ਅਸੀਂ ਆਏ ਤਾਂ ਦੇਸ਼ ਦੀ ਕਾਇਆ-ਕਲਪ ਕਰ ਦਿਆਂਗੇ,ਪਰ ਹੋਇਆ ਇਸ ਦੇ ਬਿਲਕੁਲ ਉਲਟ ਅਤੇ ਸਿਰਫ਼ ਆਪਣੇ 7 ਸਾਲਾ ਰਾਜ ਵਿਚ ਮੋਦੀ ਜੀ ਨੇ ਕਾਇਆ ਹੀ ਬਦਲ ਦਿੱਤੀ,ਹਮੇਸ਼ਾ ਦੀ ਤਰ੍ਹਾਂ ਔਖੀ ਘੜੀ ਚੁੱਪ ਧਾਰਨ ਵਾਲੇ ਮੋਦੀ ਜੀ ਤੋਂ ਸਮੁੱਚੇ ਹਿੰਦੋਸਤਾਨ ਦੀ ਆਵਾਮ ਪੁੱਛ ਰਹੀ ਹੈ,ਕਿ ਮੋਦੀ ਜੀ ਕਿਸ ਗੱਲ ਦਾ ਬਦਲਾ ਲੈ ਰਹੇ ਹੋ ਵਿਚਾਰੇ ਹਿੰਦੋਸਤਾਨੀਆਂ ਕੋਲੋਂ ਜਦ ਕਿ ਇਨ੍ਹਾਂ ਨੇ ਤਾਂ ਨੂੰ ਸਪਸ਼ਟ ਬਹੁਮਤ ਦੇ ਕੇ ਗੱਦੀ ਤੇ ਇਸ ਲਈ ਬਿਠਾਇਆ ਸੀ ਕਿ ਤੁਸੀਂ ਉਨ੍ਹਾਂ ਦੇ ਦਰਦ ਦੀ ਦਵਾ ਬਣਦੇ ਹੋਏ ਇੱਕ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਕਰੋਗੇ।ਦੇਸ਼ ਦੇ ਹੀ ਜੇਕਰ ਦੂਜੇ ਭੱਦਰਪੁਰਸ਼ ਸ੍ਰੀ ਕੇਜਰੀਵਾਲ ਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਜਜ਼ਬਾਤੀ ਅਤੇ ਭਾਵੁਕ ਦਾਅਵੇ ਹਮੇਸ਼ਾ ਲੋਕਾਂ ਨੂੰ ਮੂਰਖ ਬਣਾ ਜਾਂਦੇ ਹਨ ਤੇ ਇਸ ਵਾਰੀ ਵੀ ਉਨ੍ਹਾਂ ਐਸਾ ਹੀ ਪੈਂਤੜਾ ਖੇਡਿਆ ਲੇਕਿਨ ਸ਼ਾਇਦ ਕੇਜਰੀਵਾਲ ਜੀ ਵੀ ਨਹੀਂ ਸੀ ਜਾਣਦੇ ਹੋਣਗੇ ਕਿ ਉਨ੍ਹਾਂ ਵੱਲੋਂ ਬੋਲੇ ਜਾ ਰਹੇ ਝੂਠ ਦੇ ਚੱਲਦੇ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।ਅਸੀਂ ਕਹੀ-ਸੁਣੀ ਜਾਂ ਚਰਚਾ ਦੀ ਗੱਲ ਕੇਜਰੀਵਾਲ ਜੀ ਬਾਰੇ ਨਹੀਂ ਕਰ ਰਹੇ,ਬਲਕਿ ਇਨ੍ਹਾਂ ਦੇ ਹੀ ਬੁਲਾਰੇ ਸ੍ਰੀ ਰਾਘਵ ਚੱਢਾ ਜਿਹੜੇ ਕਿ ਬੜਾ ਬੇਬਾਕ ਬੋਲਣ ਲਈ ਜਾਣੇ ਜਾਂਦੇ ਹਨ,ਅੰਕੜਿਆਂ ਸਮੇਤ ਕਹਿ ਰਹੇ ਸਨ ਕਿ ਪਹਿਲੀ ਮਹਾਮਾਰੀ ਤੋਂ ਬਾਅਦ ਕੇਂਦਰ ਸਰਕਾਰ ਨੇ ਹਿੰਦੋਸਤਾਨ ਵਿਚ 132 ਦੇ ਕਰੀਬ ਆਕਸੀਜਨ ਪਲਾਂਟ ਲਾਉਣ ਨੂੰ ਮਨਜ਼ੂਰੀ ਦਿੱਤੀ,ਜਿਨ੍ਹਾਂ ਵਿਚੋਂ 8 ਦਿੱਲੀ ਵਿਚ ਲੱਗਣੇ ਸਨ,ਲੇਕਿਨ ਜਿਸ ਠੇਕੇਦਾਰ ਨੂੰ ਇਨ੍ਹਾਂ ਪਲਾਂਟਾਂ ਦਾ ਠੇਕਾ ਦਿੱਤਾ ਗਿਆ ਉਸ ਨੇ ਸਿਰਫ਼ 8 ਵਿਚੋਂ ਇਕ ਪਲਾਂਟ ਤੇ ਕੰਮ ਕੀਤਾ ਤੇ ਉਹ ਵੀ ਅਧੂਰਾ, ਜਦ ਕਿ ਬਾਕੀ 7 ਪਲਾਂਟਾਂ ਨੂੰ ਸ਼ੁਰੂ ਹੀ ਨਹੀਂ ਕੀਤਾ ਗਿਆ,ਦੇਸ਼ ਵਾਸੀਓ ਇਹ ਗੱਲ ਅੱਜ ਤੋਂ ਕਰੀਬ ਚਾਰ ਤੋਂ ਛੇ ਮਹੀਨੇ ਪਹਿਲਾਂ ਦੀ ਹੈ,ਜਿਸ ਬਾਰੇ ਸ੍ਰੀ ਰਾਘਵ ਚੱਢਾ ਹੁਣ ਦੱਸ ਰਹੇ ਸਨ ਅਤੇ ਆਪਣੇ ਗਲੋਂ-ਫਾਹ ਲਾੳੁਣ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਹੀ ਸਵਾਲਾਂ ਵਿੱਚ ਫਸ ਗਏ ਸਨ, ਕਿਉਂਕਿ ਬੰਦਾ ਇਨ੍ਹਾਂ ਨੂੰ ਪੁੱਛੇ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਕੇਂਦਰ ਨੇ ਦਿੱਲੀ ਵਿਚ 8 ਆਕਸੀਜਨ ਪਲਾਂਟ ਲਾਉਣ ਦਾ ਜਿਹੜਾ ਕੰਮ ਆਰੰਭਿਆ ਸੀ ਉਹ ਸਿਰੇ ਨਹੀਂ ਚਾਡ਼੍ਹਿਆ ਤਾਂ ਤੁਸੀਂ ਜਾਂ ਤੁਹਾਡੇ ਆਕਾ ਸ੍ਰੀ ਕੇਜਰੀਵਾਲ ਉਸ ਵਕਤ ਕਿਉਂ ਨਹੀਂ ਬੋਲੇ ਕੀ ਤੁਹਾਨੂੰ ਅੰਦਾਜ਼ਾ ਨਹੀਂ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਸਭ ਤਹਿਸ ਨਹਿਸ ਕਰਕੇ ਰੱਖ ਦੇਵੇਗੀ ਕਿ ਜਾਂ ਫਿਰ 4 ਮਾਡਰਨ ਸਕੂਲ ਬਣਾ ਕੇ ਅਤੇ ਕੁਝ ਹਸਪਤਾਲਾਂ  ਦੀ ਲਿੱਪਾ ਪੋਚੀ ਕਰਵਾ ਕੇ ਹੀ, ਤੁਸੀਂ ਡੀਗਾਂ ਮਾਰਦੇ ਰਹੇ ਅਤੇ ਦਿੱਲੀ ਨੂੰ ਆਲਾ ਦਰਜੇ ਦਾ  ਬਣਾਉਣ ਦੇ ਝੂਠੇ,ਖੋਖਲੇ ਅਤੇ   ਬੇਬੁਨਿਆਦ ਦਾਅਵੇ ਕਰਦੇ ਰਹੇ।ਹੋਰ ਤਾਂ ਛੱਡੋ ਕੇਜਰੀਵਾਲ ਜੀ ਤੁਸੀਂ ਆਪਣੇ ਭਗਤਾਂ ਨੂੰ ਮੋਦੀ ਜੀ ਵਾਂਗ ਕਿਹੜਾ ਚਿਹਰਾ ਵਖਾਓਗੇ, ਕਿਉਂਕਿ ਤੁਸੀਂ ਤਾਂ ਜਿਸ ਦਿਨ ਮੋਦੀ ਜੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਆਨਲਾਈਨ ਮੀਟਿੰਗ ਵਿਚ ਸਿੱਧਾ ਪ੍ਰਸਾਰਨ ਕਰਵਾ ਕੇ ਮੁਆਫ਼ੀ ਮੰਗੀ ਸੀ,ਉਸ ਦਿਨ ਵੀ ਤੁਸੀਂ ਉਨ੍ਹਾਂ 8 ਆਕਸੀਜਨ ਪਲਾਂਟਾਂ ਦੇ ਨਾ ਸ਼ੁਰੂ ਹੋਣ ਦੀ ਗੱਲ ਇੱਕ ਵਾਰ ਵੀ ਨਹੀਂ ਆਖੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਤੁਸੀਂ ਆਕਸੀਜਨ ਜਾਂ ਮਹਾਂਮਾਰੀ ਦੇ ਹੋਰਨਾਂ ਪ੍ਰਬੰਧਾਂ ਨੂੰ ਲੈ ਕੇ ਕਦੀ ਵੀ ਸੰਜੀਦਾ ਨਹੀਂ ਸੀ।ਅਸਲ ਵਿੱਚ ਕੇਜਰੀਵਾਲ ਜੀ ਤੁਸੀਂ ਮੀਡੀਆ ਰਾਹੀਂ ਝੂਠੀ ਸ਼ੋਹਰਤ ਲੈਣ ਦੇ ਸ਼ੌਕੀਨ ਹੋ ਗਏ ਅਤੇ ਤੁਹਾਨੂੰ ਲੱਗਿਆ ਕਿ ਸਾਡਾ ਬੁੱਤਾ ਜੇਕਰ ਅਮੋਸਨਲ ਡ੍ਰਾਮਾ ਕੀਤਿਆਂ ਸਰਦਾ ਹੈ,ਤਾਂ ਫਿਰ ਸਾਨੂੰ ਹਕੀਕਤ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਕੀ ਜ਼ਰੂਰਤ ਹੈ। ਅਸੀਂ ਇਕ ਵਾਰੀ ਫੇਰ ਸਪਸ਼ਟ ਕਰੀਏ ਕਿ ਅਸੀਂ ਨਾ ਨਿੱਜੀ ਤੌਰ ਤੇ ਮੋਦੀ ਜੀ ਅਤੇ ਨਾ ਹੀ ਕੇਜਰੀਵਾਲ ਦੇ ਖਿਲਾਫ ਹਾਂ ਲੇਕਿਨ ਇਨ੍ਹਾਂ ਵੱਲੋਂ  ਨਿਭਾਏ ਗਏ ਗ਼ੈਰ-ਜ਼ਿੰਮੇਵਾਰਾਨਾ ਰੋਲ ਦੇ ਚਲਦੇ ਬੜਾ ਦੁੱਖ ਹੁੰਦਾ ਹੈ ਕਿ ਇਨ੍ਹਾਂ ਦੋਨਾਂ ਚੋਂ ਇਕ ਨੂੰ ਸਪਸ਼ਟ ਬਹੁਮਤ ਦੇ ਕੇ ਵੱਡੀਆਂ- ਵੱਡੀਆਂ ਪਾਰਟੀਆਂ ਨੂੰ ਨੁੱਕਰੇ ਲਗਾ ਕੇ ਦਿੱਲੀ ਦੇ ਤਖ਼ਤ ਤੇ ਅਵਾਮ ਨੇ ਬਿਠਾਇਆ ਅਤੇ ਦੂਜਿਆਂ ਨੂੰ ਹਿੰਦੋਸਤਾਨ ਦੇ ਤਖ਼ਤ ਤੇ ਬਿਠਾਇਆ ਜਦ ਕਿ ਇਹ ਦੋਨੋਂ ਇੰਨੇ ਬੇਵੱਸ-ਲਾਚਾਰ ਤੇ ਮਜਬੂਰ ਦਿਖਾਈ ਦੇਣ ਲੱਗੇ ਹਨ ਕਿ ਦਿੱਲੀ ਵਿੱਚ ਆਕਸੀਜਨ ਲਈ ਟੈਂਕਰ ਮੁਹੱਈਆ ਨਹੀਂ ਕਰਾ ਸਕੇ ਅਤੇ ਅੱਜ ਦੋ ਹਫ਼ਤੇ ਬੀਤਣ ਦੇ ਬਾਵਜੂਦ ਟੈਂਕਰਾਂ ਨੂੰ ਲੈ ਕੇ ਇਕ ਦੂਜੇ ਤੇ ਚਿੱਕੜ ਸੁੱਟ ਰਹੇ ਹਨ ਅਤੇ ਮਾਣਯੋਗ ਹਾਈਕੋਰਟ ਨੂੰ ਹਰ ਨਵੀਂ ਸਵੇਰ ਝੂਠ ਬੋਲਦੇ ਹਨ ਅਤੇ ਉਥੋਂ ਫਟਕਾਰ ਖਾ ਰਹੇ ਹਨ ਰਹੇ ਹਨ।ਹੁਣ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕੇ ਦੇਸ਼ ਦੀ ਰਾਜਧਾਨੀ ਦਿੱਲੀ ਦਾ ਮੁੱਖ ਮੰਤਰੀ ਅਤੇ ਹਿੰਦੋਸਤਾਨ ਦਾ ਮੁਖੀ ਜੇਕਰ ਟੈਂਕਰ ਮੁਹੱਈਆ ਨਹੀਂ ਕਰਵਾ ਸਕਦੇ ਤਾਂ ਹੋਰ ਇਨ੍ਹਾਂ ਨੇ ਦੇਸ਼ ਦਾ ਸਵਾ ਭਲਾ ਕਰਨਾ ਹੈ,ਇਸ ਲਈ ਹਿੰਦੋਸਤਾਨ ਦੀ ਅਵਾਮ ਜਿੰਨੀ ਜਲਦੀ ਹੋ ਸਕੇ ਜਾਗੇ ਅਤੇ ਕੋਰੋਨਾ ਤੋਂ ਬਚਣ ਲਈ ਖ਼ੁਦ ਹੀ ਉਪਰਾਲੇ ਕਰੇ ਅਤੇ ਮੂਰਖਤਾ ਕਰਨ ਦੀ ਬਜਾਏ 100 ਪ੍ਰਤੀਸ਼ਤ ਅਹਤਿਆਤ ਵਰਤਿਆ ਜਾਵੇ। ਹੁਣ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਦੇਸ਼ ਦਾ ਮੁਖੀ ਹੀ ਦੇਸ਼ ਤੋਂ ਮੁੱਖ ਮੋੜ ਜਾਵੇ ਤਾਂ ਹੋਰ ਕਿਸੇ ਤੋਂ ਕੀ ਆਸ ਰੱਖੀ ਜਾ ਸਕਦੀ ਹੈ,ਇਸ ਲਈ ਸੰਭਲੋ ਸਮਾਂ ਪਹਿਲਾਂ ਹੀ ਤੁਸੀਂ ਕੱਢ ਚੁੱਕੇ ਹੋ ਅਤੇ ਹੁਣ ਕੁੰਭਕਰਨੀ ਨੀਂਦ ਤੋਂ ਜਾਗੋ ਤੇ ਜਿੰਨੀ ਜਲਦੀ ਹੋ ਸਕੇ  ਸੂਬੇ ਵਿੱਚ ਆਕਸੀਜਨ ਸਮੇਤ ਹੋਰਨਾਂ ਕੋਰੋਨਾ ਪ੍ਰਬੰਧਾਂ ਨੂੰ ਜੰਗੀ ਪੱਧਰ ਤੇ ਮੁਹੱਈਆ ਕਰਵਾਓ,ਤਾਂ ਜੋ ਸ੍ਰੀ ਕੇਜਰੀਵਾਲ ਅਤੇ ਸ੍ਰੀ ਮੋਦੀ ਜੀ ਵਾਲੀ ਗ਼ਲਤੀ ਤੁਸੀਂ ਨਾ ਕਰ ਬੈਠਿਓ ਅਤੇ ਜਾਨੇ-ਅਣਜਾਨੇ ਵਿਚ ਸੂਬੇ ਦੀ ਆਵਾਮ ਨੂੰ ਮੌਤ ਦੇ ਮੂੰਹ ਵਿੱਚ ਨਾ ਧੱਕ ਦਿਉ,ਕਿਉਂਕਿ ਪ੍ਰਬੰਧ ਤੁਹਾਡੇ ਕੋਲ ਵੀ ਪੁਖਤਾ ਨਹੀਂ ਤੇ ਦਾਅਵੇ ਤੁਹਾਡੇ ਵੀ ਦੋਨਾਂ ਆਗੂਆਂ ਵਾਂਗ ਮਜ਼ਬੂਤ ਨਹੀਂ ਹਨ। ਕੈਪਟਨ ਜੀ ਕੋਰੋਨਾ ਯੋਧੇ ਜਿਹੜੇ ਕੇ ਹਿੱਕ ਡਾਹ ਕੇ ਮੈਡੀਕਲ ਸਹੂਲਤਾਂ ਲੋਕਾਂ ਨੂੰ ਪ੍ਰਧਾਨ ਕਰਵਾ ਰਹੇ ਹਨ,ਉਨ੍ਹਾਂ ਸਮੇਤ ਸਾਰੇ ਕੋਰੋਨਾ ਯੋਧਿਆਂ ਨੂੰ ਭੱਤੇ ਅਤੇ ਹੋਰ ਸਹੂਲਤਾਂ ਤੁਰੰਤ ਮੁਹੱਈਆ ਕਰਵਾਓ ਤਾਂ ਜੋ ਉਹ ਨਿਡਰਤਾ ਨਾਲ ਆਪਣਾ ਫਰਜ਼ ਨਿਭਾਉਂਦੇ ਰਹਿਣ।