ਡਰੱਗ ਇੰਸਪੈਕਟਰ ਬਬਲੀਨ ਮੁਲਜ਼ਮ ਜਾਂ ਲੇਡੀ ਸਿੰਘਮ ?  ਹੱਕ 'ਚ ਨਿੱਤਰੇ ਕੈਮਿਸਟ,ਕਿਹਾ ਮੈਡਮ ਨਹੀਂ ਰਿਸ਼ਵਤਖੋਰ।  ਪੰਜਾਬ ਦੀ ਸਭ ਤੋਂ ਨੌਜਵਾਨ ਡਰੱਗ ਇੰਸਪੈਕਟਰ ਦਾ ਦੂਜਾ ਪੰਗਾ ?  ਦੋਸ਼ੀ ਦੱਲਾ ਜਾਂ ਮੈਡਮ,ਇਹ ਬਣੀ ਬੁਝਾਰਤ ?
ਡਰੱਗ ਇੰਸਪੈਕਟਰ ਬਬਲੀਨ ਮੁਲਜ਼ਮ ਜਾਂ ਲੇਡੀ ਸਿੰਘਮ ?

ਹੱਕ 'ਚ ਨਿੱਤਰੇ ਕੈਮਿਸਟ,ਕਿਹਾ ਮੈਡਮ ਨਹੀਂ ਰਿਸ਼ਵਤਖੋਰ।

ਪੰਜਾਬ ਦੀ ਸਭ ਤੋਂ ਨੌਜਵਾਨ ਡਰੱਗ ਇੰਸਪੈਕਟਰ ਦਾ ਦੂਜਾ ਪੰਗਾ ?

ਦੋਸ਼ੀ ਦੱਲਾ ਜਾਂ ਮੈਡਮ,ਇਹ ਬਣੀ ਬੁਝਾਰਤ ?

ਬਟਾਲਾ/ਅੰਮ੍ਰਿਤਸਰ-ਵਿਸਵ ਟੀਵੀ ਨਿਊਜ਼ (ਅਭੀਤੇਜ ਸਿੰਘ ਗਿੱਲ,ਬਿਉਰੋ) ਅਸੀਂ ਸਭ ਜਾਣਦੇ ਹਾਂ ਕਿ ਕਿਸੇ ਵੀ ਮਹਿਕਮੇ ਵਿਚ ਅਫਸਰ ਬਣ ਤੋਂ ਬਣਨ ਤੋਂ ਪਹਿਲਾਂ ਪੜ੍ਹਾਈ ਦੇ ਰੂਪ ਵਿਚ ਬਹੁਤ ਹੀ ਕਠਿਨ ਤੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ,ਪਰ ਜਦੋਂ ਕੋਈ ਅਜਿਹਾ ਅਫਸਰ ਰਿਸ਼ਵਤ ਦੇ ਕਥਿਤ ਇਲਜ਼ਾਮਾਂ ਵਿੱਚ ਫਸਦਾ ਹੈ,ਤਾਂ ਬੜਾ ਦੁੱਖ ਹੁੰਦਾ ਹੈ,ਕਿਉਂਕਿ ਇੱਕ ਤਾਂ ਅਫਸਰੀ ਲੈਣੀ ਖਾਲਾ ਜੀ ਦਾ ਵਾੜਾ ਨਹੀਂ ਤੇ ਦੂਜਾ ਉਨ੍ਹਾਂ ਮਾਪਿਆਂ ਅਤੇ ਕਰੀਬੀ ਮਿੱਤਰ ਪਿਆਰਿਆਂ ਦੀਆਂ ਸੱਧਰਾਂ ਤੇ ਨਾ ਸਿਰਫ ਪਾਣੀ ਫਿਰਦਾ ਹੈ,ਬਲਕੇ ਰਿਸ਼ਵਤ ਦੇ ਲੱਗੇ ਧੱਬੇ ਨਾਲ ਉਨ੍ਹਾਂ ਨੂੰ ਸਮਾਜ ਵਿਚ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਂਦਾ ਹੈ। ਏਨੀ ਦਿਨੀ ਪੰਜਾਬ ਦੇ ਨੌਜਵਾਨ ਅਫਸਰਾਂ ਵਿਚੋਂ ਇਕ ਡਰੱਗ ਇੰਸਪੈਕਟਰ ਬਬਲੀਨ ਕੌਰ ਦਾ ਰਿਸ਼ਵਤ ਕਾਂਡ ਬੜਾ ਚਰਚਾ ਵਿਚ ਹੈ,ਜਿੱਥੇ ਬਬਲੀਨ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ,ਉਥੇ ਦੂਜੇ ਪਾਸੇ ਅੱਜ ਅਜਨਾਲਾ ਦੇ ਕੈਮਿਸਟਾਂ ਨੇ ਇਕੱਠੇ ਹੋ ਕੇ ਇਸ ਰਿਸ਼ਵਤ ਕਾਂਡ ਨੂੰ ਨਵਾਂ ਮੋੜ ਦੇਂਦਿਆਂ ਕਿਹਾ,ਕਿ ਦਰਾਅਸਲ ਮੈਡਮ ਬਬਲੀਨ ਰਿਸ਼ਵਤਖੋਰ ਨਹੀਂ ਬਲਕੇ ਲੇਡੀ ਸਿੰਘਮ ਹੈ,ਕਿਉਂਕਿ ਉਸ ਨੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਰਹਿੰਦਿਆਂ ਅਜਨਾਲਾ ਹਲਕੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਫੀ ਦਲੇਰੀ ਅਤੇ ਦ੍ਰਿੜਤਾ ਨਾਲ ਕੰਮ ਕੀਤਾ ਸੀ,ਇਸ ਲਈ ਉਹ ਰਿਸ਼ਵਤਖੋਰ ਅਫਸਰ ਕਦਾਚਿਤ ਨਹੀਂ ਹੋ ਸਕਦੀ,ਅਤੇ ਉਸ ਨੂੰ ਫਸਾਉਣ ਦੀ ਵੱਡੀ ਸਾਜਸ਼ ਰਚੀ ਗਈ ਹੈ।ਇੱਥੇ ਦੱਸ ਦਈਏ ਕਿ ਪਠਾਨਕੋਟ 'ਚ ਇਕ ਨਵੇਂ ਖੋਲ੍ਹਣ ਵਾਲੇ ਮੈਡੀਕਲ ਸਟੋਰ ਦੇ ਮਾਲਕ ਨੇ ਮੁੱਖ ਮੰਤਰੀ ਪੰਜਾਬ ਦੇ ਹੈਲਪ ਲਾਈਨ ਨੰਬਰ ਤੇ ਫੋਨ ਕਰਕੇ ਦੱਸਿਆ ਸੀ,ਕਿ ਮੇਰੇ ਕੋਲੋਂ ਨਵਾਂ ਲਾਈਸੰਸ ਦੇਣ ਲਈ ਡਰੱਗ ਇੰਸਪੈਕਟਰ ਅਤੇ ਉਨ੍ਹਾਂ ਦਾ ਦਰਜਾ 4 ਮੁਲਾਜਮ ਰਿਸ਼ਵਤ ਮੰਗ ਰਿਹੇ ਹਨ,ਉਸ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਕਿਹਾ ਸੀ,ਕਿ ਇਨ੍ਹਾਂ ਨੇ ਇੱਕ ਲੱਖ ਰੁਪਿਆ ਰਿਸ਼ਵਤ ਮੰਗੀ ਸੀ ਅਤੇ 90 ਹਜ਼ਾਰ ਵਿੱਚ ਗੱਲ ਤੈਅ ਹੋਈ,ਜਦ ਕਿ ਉਸ ਵਿੱਚੋਂ ਪਹਿਲੀ ਕਿਸਤ ਦੇ ਰੂਪ ਵਿੱਚ 30 ਹਜ਼ਾਰ ਰੁਪਏ ਦੇਣੇ ਕੀਤੇ ਗਏ ਸਨ,ਜਿਹੜੇ ਕਿ ਮੈਂ ਦਰਜਾ 4 ਮੁਲਾਜਮ ਨੂੰ ਦਿੱਤੇ ਹਨ। ਵਿਜੀਲੈਂਸ ਨੇ ਇਸ ਸ਼ਿਕਾਇਤ ਤੋਂ ਤੁਰੰਤ ਬਾਅਦ ਦਰਜਾ 4 ਨੂੰ ਕਾਬੂ ਕਰ ਲਿਆ,ਜਿਸ ਨੇ ਕਥਿਤ ਤੌਰ ਤੇ ਕਬੂਲਿਆ ਕਿ ਇਹ ਰਿਸ਼ਵਤ ਮੈਡਮ ਨੂੰ ਦੇਣ ਵਾਸਤੇ ਲਈ ਸੀ।ਭਾਵੇਂ ਕਿ ਵਿਜੀਲੈਂਸ ਨੇ ਮੈਡਮ ਨੂੰ ਨਾ ਹੀ ਪੈਸਿਆਂ ਨਾਲ ਰੰਗੇ ਹੱਥੀਂ ਫੜਿਆ ਅਤੇ ਨਾ ਹੀ ਸਿੱਧੇ ਤੌਰ ਤੇ ਰਿਸ਼ਵਤ ਲੈਣ ਦੀ ਮੈਡਮ ਦੋਸ਼ੀ ਪਾਈ ਗਈ ਹੈ,ਲੇਕਿਨ ਦਰਜਾ ਚਾਰ ਮੁਲਾਜ਼ਮ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਹੀ ਮੈਡਮ ਦੀ ਗ੍ਰਿਫਤਾਰੀ ਯੂਨੀਵਰਸਿਟੀ ਦੇ ਹੋਸਟਲ ਵਿਚੋ ਹੋਈ ਸੀ। ਇਸ ਚਰਚਿਤ ਰਿਸ਼ਵਤ ਕਾਂਡ ਤੋਂ ਬਾਅਦ ਸਮਾਜ ਵਿੱਚ ਦੋ ਤਰ੍ਹਾਂ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ,ਇੱਕ ਵਿਚ ਕਿਹਾ ਜਾ ਰਿਹਾ ਹੈ,ਕਿ ਮੈਡਮ ਇਸ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਚਿੱਕੜ ਨਾਲ ਲਿਬੜੀ ਹੈ,ਜਦਕਿ ਕੁਝ ਦਾ ਇਹ ਤਰਕ ਹੈ ਕਿ ਪੈਸੇ ਖਾਣ ਅਤੇ ਖਵਾਉਣ ਵਾਲੇ ਦੱਲੇ ਪਹਿਲਾਂ ਇਮਾਨਦਾਰ ਅਫਸਰਾਂ ਨੂੰ ਰਿਸ਼ਵਤ ਦੀ ਚਾਟੇ ਲਗਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਫਿਰ ਉਨ੍ਹਾਂ ਦੇ ਨਾਮ ਤੇ ਖੂਬ ਪੈਸੇ ਬਟੋਰਦੇ ਹਨ,ਇਸ ਲਈ ਹੋ ਸਕਦਾ ਹੈ,ਕਿ ਮੈਡਮ ਬੇਕਸੂਰ ਹੋਵੇ ਅਤੇ ਉਸ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੋਵੇ। ਪਰ ਇਹ ਚਰਚਾ ਵੀ ਹੈ ਕਿ ਕਈ ਅਫਸਰ ਹੀ ਆਪਣੇ ਛੋਟੇ ਮੁਲਾਜ਼ਮਾਂ ਨੂੰ ਦੱਲੇ ਦੇ ਰੂਪ ਵਿੱਚ ਵਰਤਦੇ ਹਨ ਅਤੇ ਉਨ੍ਹਾਂ ਰਾਹੀਂ ਰਿਸ਼ਵਤ ਦੀ ਕਾਲੀ ਖੇਡ ਖੇਡਦੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਮੈਡਮ ਬਬਲੀਨ ਦਾ ਵਿਵਾਦਾਂ ਨਾਲ ਚੋਲੀ-ਦਾਮਨ ਵਾਲਾ ਰਿਸ਼ਤਾ ਰਿਹਾ ਹੈ,ਜਦੋਂ ਮੈਡਮ ਤਰਨਤਾਰਨ ਜ਼ਿਲ੍ਹੇ ਵਿਚ ਤਨਾਇਤ ਸਨ,ਤਾਂ ਉਸ ਵੇਲੇ ਭਿੱਖੀਵਿੰਡ ਦੇ ਇੱਕ ਮੈਡੀਕਲ ਸਟੋਰ ਵਾਲੇ ਨੇ ਖੁਦਕੁਸ਼ੀ ਕਰਦੇ ਇਹ ਇਲਜ਼ਾਮ ਲਗਾਏ ਸਨ,ਕਿ ਉਸ ਨੂੰ ਸਬੰਧਤ ਡਰੱਗ ਇੰਸਪੈਕਟਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ,ਅਹਿਮ ਸੂਤਰ ਮੁਤਾਬਕ ਮੈਡਮ ਦਾ ਉਹ ਮਾਮਲਾ ਵੀ ਅਜੇ ਚੱਲ ਰਿਹਾ ਹੈ,ਪਰ ਇਸ ਸਭ ਦੇ ਬਾਵਜੂਦ ਮੈਡਮ ਦੀ ਧਾਕੜ ਕਾਰਜ-ਸ਼ੈਲੀ ਦੇ ਵੀ ਖੂਬ ਚਰਚੇ ਹਨ। ਫਿਲਹਾਲ ਮੈਡਮ ਨਵੇਂ ਕਾਂਡ ਵਿੱਚ ਅੰਦਰ ਹੈ ਅਤੇ ਹੁਣ ਅਦਾਲਤ ਹੀ ਇਹ ਫੈਸਲਾ ਕਰੇਗੀ,ਕਿ ਕੋਂਣ ਸੱਚਾ ਤੇ ਕੌਂਣ ਝੂਠਾ।