ਬਟਾਲਾ| 13 ਸਤੰਬਰ (ਰਾਜਵਿੰਦਰ ਕੌਰ, ਰੀਚਾ ਮਹਿਰਾ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵਲੋਂ ਅੱਜ ਬਟਾਲਾ ਵਾਸੀਆਂ ਨਾਲ ਆਨ-ਲਾਈਨ ਜੂਮ ਮੀਟਿੰਗ ਕਰਕੇ ਸ਼ਹਿਰ ਦੀ ਸਫ਼ਾਈ ਵਿਵਸਥਾ, ਰੋਡ ਰਿਪੇਅਰ, ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ, ਕੋਵਿਡ-19, ਡੇਂਗੂ ਦੀ ਰੋਕਥਾਮ ਅਤੇ ਸ਼ਹਿਰ ਦੇ ਚੱਲ ਰਹੇ ਵਿਕਾਸ ਕਾਰਜਾਂ ਉੱਪਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਅਤੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਸਮੇਤ ਕਈ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਬਟਾਲਾ ਵਾਸੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਇਸ ਸਮੇਂ ਬਟਾਲਾ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਟੈਸਟਿੰਗ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਵਿਸ਼ੇਸ਼ ਮੁਹਿੰਮ ਅਰੰਭ ਕੀਤੀ ਗਈ ਹੈ ਅਤੇ ਨਗਰ ਨਿਗਮ ਵਲੋਂ ਘਰ-ਘਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖੋ-ਵੱਖ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਨੂੰ ਸਫ਼ਾਈ ਪੱਖੋਂ ਮੋਹਰੀ ਸ਼ਹਿਰ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਹੰਸਲੀ ਨਾਲੇ ਉੱਪਰ ਬਣ ਰਹੇ ਸਿਟੀ ਰੋਡ ਵਾਲੇ ਪੁੱਲ ਨੂੰ ਵੀ ਜਲਦੀ ਹੀ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਨੂੰ ਰੋਕਣ ਲਈ ਵੀ ਵਿਸ਼ੇਸ਼ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਪ੍ਰਸ਼ਾਸਨ ਵਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਕੋਲੋਂ ਨਜ਼ਾਇਜ ਸ਼ਰਾਬ ਦੀ ਵਿਕਰੀ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਅਤੇ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਇਸ ਗੈਰ ਕਾਨੂੰਨੀ ਧੰਦੇ ਨੂੰ ਕਰਦਾ ਹੈ ਤਾਂ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਦੇ ਸੁਝਾਵਾਂ ਨੂੰ ਵੀ ਨੋਟ ਕੀਤਾ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਸ਼ਹਿਰ ਵਾਸੀਆਂ ਨਾਲ ਆਨ-ਲਾਈਨ ਮੀਟਿੰਗ ਕਰਕੇ ਸ਼ਹਿਰ ਦੇ ਹਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਚਾਰ ਚਰਚਾ ਦੀ ਕੀਤੀ ਗਈ ਪਹਿਲ ਸ਼ਲਾਘਾਯੋਗ ਹੈ ਅਤੇ ਇਸ ਨਾਲ ਸ਼ਹਿਰ ਦੀਆਂ ਕਈਆਂ ਮੁਸ਼ਕਲਾਂ ਹੱਲ ਹੋਣਗੀਆਂ।