ਅੰਮ੍ਰਿਤਸਰ ਵਿਸ਼ਵ ਟੀਵੀ/ਦਾ ਸਟਿੰਗ ਟੀਵੀ
(ਬਿਊਰੋ ਚੀਫ)
ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਕਹਾਉਣ ਵਾਲੇ ਸ: ਬਿਕਰਮ ਸਿੰਘ ਮਜੀਠੀਆ ਕਿਸੇ ਸੱਚੇ ਬੰਦੇ ਨੂੰ ਜੁੱਤੀ ਤੋਂ ਨਹੀਂ ਮਾਰਦੇ ਅਤੇ ਨਾਂ ਹੀ ਅਕਾਲੀ ਦਲ ਵਿੱਚ ਸੱਚ ਦੀ ਕੋਈ ਸੁਣਵਾਈ ਹੈ।
ਇਹ ਤਲਖ ਸ਼ਬਦ ਅੱਜ ਉਸ ਅਕਾਲੀ ਆਗੂ ਨੇ ਪਾਰਟੀ ਪ੍ਰਧਾਨ ਅਤੇ ਮਜੀਠੀਆ ਲਈ ਵਰਤੇ,ਜਿਹੜਾ ਕਦੇ ਅਕਾਲੀ ਦਲ ਦਾ ਮਾਝੇ ਵਿੱਚ ਸਿਰੇ ਦਾ ਆਗੂ ਅਤੇ ਮਜੀਠੀਆ ਦਾ ਸੱਜਾ ਹੱਥ ਮੰਨਿਆ ਜਾਂਦਾ ਸੀ।
ਆਪਣੇ ਅੰਦਰੋਂ ਗ਼ੁਬਾਰ ਕੱਢਦਿਆਂ ਸੀਨੀਅਰ ਅਕਾਲੀ ਆਗੂ ਸ: ਤਲਬੀਰ ਸਿੰਘ ਗਿੱਲ ਨੇ ਪ੍ਰੈਸ ਨੂੰ ਦੱਸਿਆ ਮੈਂ ਕਦੇ ਵੀ ਆਪਣੇ ਪੁਰਖਾਂ ਵਾਲਾ ਅਕਾਲੀ ਦਲ ਛੱਡਣਾ ਨਹੀਂ ਸੀ ਚਾਹੁੰਦਾ,ਪਰ ਮੈਨੂੰ ਕੁੱਤੇ ਤੋਂ ਵੱਧ ਜ਼ਲੀਲ ਕਰਦਿਆਂ ਅਕਾਲੀ ਦਲ ਵਿੱਚੋਂ ਜਬਰਨ ਕੱਢਿਆਂ ਜਾ ਰਿਹਾ ਹੈ।
ਇੱਥੇ ਦੱਸ ਦਈਏ,ਕਿ ਕਰੀਬ 3 ਸਾਲ ਪਹਿਲਾਂ ਸ: ਤਲਵੀਰ ਸਿੰਘ ਗਿੱਲ ਦਾ ਗੁਰੂ ਰਾਮਦਾਸ ਹਸਪਤਾਲ ਵਿੱਚ ਇੱਕ ਡਾਕਟਰ ਏ ਪੀ ਸਿੰਘ ਨਾਲ ਵਿਵਾਦ ਭੱਖ ਗਿਆ ਸੀ,ਜਿਸ ਤੋਂ ਬਾਅਦ ਉਹ ਨਿਰੰਤਰ ਮੰਗ ਕਰਦੇ ਰਹੇ ਹਨ,ਕਿ ਏ ਪੀ ਸਿੰਘ ਕਥਿਤ ਤੌਰ ਤੇ ਹਸਪਤਾਲ ਵਿੱਚ ਮਨਮਾਨੀਆਂ ਕਰਦੇ ਹੋਏ,ਨਾ ਸਿਰਫ ਅਕਾਲੀ ਦਲ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਬਲਕਿ ਸਿੱਖ ਕੌਮ ਨੂੰ ਖੋਰਾ ਲਾ ਰਹੇ ਹਨ।
ਇਹ ਵੀ ਯਾਦ ਰਹੇ,ਕਿ ਉਸ ਵਕਤ ਤਲਬੀਰ ਗਿੱਲ ਦੀ ਡਾਕਟਰ ਏ ਪੀ ਨਾਲ ਨਰਾਜਗੀ ਨੂੰ ਦੇਖਦੇ ਹੋਏ,ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਲੌਂਗੋਵਾਲ ਨੇ ਤਲਬੀਰ ਗਿੱਲ ਨੂੰ ਵਿਸ਼ਵਾਸ਼ ਦਿਵਾਉਂਦਿਆਂ ਇੱਕ ਜਾਂਚ ਕਮੇਟੀ ਬਣਾਈ ਸੀ ਅਤੇ ਡਾਕਟਰ ਵਿਰੁੱਧ ਐਕਸ਼ਨ ਲੈਣ ਦੀ ਗੱਲ ਆਖੀ ਸੀ।
ਪਰ ਸ: ਗਿੱਲ ਦੇ ਕਹਿਣ ਮੁਤਾਬਕ ਅੱਜ ਸਾਢੇ ਤਿੰਨ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ,ਇਹ ਤਕ ਪਤਾ ਨਹੀਂ ਲੱਗਾ,ਕਿ ਆਖਰ ਕਮੇਟੀ ਕਿਹੜੀ ਸੀ ਅਤੇ ਉਸ ਨੇ ਕੀ ਜਾਂਚ ਕੀਤੀ।
ਉਨ੍ਹਾਂ ਇਕ ਅਹਿਮ ਸਵਾਲ ਦੇ ਜਵਾਬ ਵਿਚ ਕਿਹਾ,ਕਿ ਉਹ ਸ: ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ ਅਤੇ ਡਾਕਟਰ ਨਾਲ ਵਿਵਾਦ ਤੋਂ ਬਾਅਦ ਇੰਨੀ ਦੇਰ ਉਹ ਸਿਰਫ ਤੇ ਸਿਰਫ ਅਕਾਲੀ ਦਲ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ ਕਰਕੇ ਹੀ ਰਹੇ ਹਨ,ਵਰਨਾ ਜੋ ਅਕਾਲੀ ਦਲ ਨੇ ਮੇਰਾ ਹਸ਼ਰ ਕਰ ਦਿੱਤਾ ਹੈ ਉਸ ਨੂੰ ਦੇਖਦਿਆਂ ਮੈਨੂੰ ਤਾਂ ਪਹਿਲਾਂ ਹੀ ਪਾਰਟੀ ਛੱਡ ਜਾਣੀ ਚਾਹੀਦੀ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਉਨ੍ਹਾਂ ਕੋਲ ਹੋਰ ਵੀ ਕਈ ਵਿਕਲਪ ਮੌਜੂਦ ਸਨ,ਪਰ ਉਹ18 ਅਗਸਤ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ।
ਉਨ੍ਹਾਂ ਪਟ ਤੇ ਥਾਪੀ ਮਾਰਦਿਆਂ ਕਿਹਾ,ਕਿ ਮੈਂ ਚੰਡੀਗੜ੍ਹ ਜਾਂ ਦਿੱਲੀ ਭਾਜਪਾ ਵਿੱਚ ਸ਼ਾਮਲ 'ਚ ਹੋਣ ਦੀ ਬਜਾਏ,ਆਪਣੇ ਹਲਕੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਸ਼ਾਮਲ ਹੋਵਾਂਗਾ,ਤਾਂ ਜੋ ਅਕਾਲੀ ਦਲ ਸਮੇਤ ਵਿਰੋਧੀਆਂ ਨੂੰ ਵੀ ਪਤਾ ਲੱਗ ਸਕੇ,ਕਿ ਤਲਬੀਰ ਗਿੱਲ ਕਿੰਨਾ ਕੋ ਦਮ ਰੱਖਦਾ ਹੈ।
ਉਨ੍ਹਾਂ ਇਹ ਦਾਅਵਾ ਵੀ ਕੀਤਾ,ਕਿ ਕਈ ਅਕਾਲੀ ਉਨ੍ਹਾਂ ਦੇ ਸੰਪਰਕ ਵਿੱਚ ਹਨ,ਲੇਕਿਨ ਉਨ੍ਹਾਂ ਹਾਲ ਦੀ ਘੜੀ ਕਿਸੇ ਨੂੰ ਵੀ ਅਕਾਲੀ ਦਲ ਛੱਡਣ ਲਈ ਨਹੀਂ ਕਿਹਾ,ਬਾਕੀ ਅੱਗੇ ਦੇਖੋ ਕੀ ਬਣਦਾ ਹੈ।