ਰੋਡੇ/ਬਠਿੰਡਾ ਵਿਸ਼ਵ ਟੀਵੀ ਨਿਊਜ਼
(ਬਿਊਰੋ ਚੀਫ)
ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ,ਕਿ ਫੈਸਲੇ ਹਮੇਸ਼ਾਂ ਹਾਲਾਤਾਂ ਵਿੱਚੋਂ ਨਿਕਲਦੇ ਹਨ,ਤੇ ਸ਼ਾਇਦ ਇਸੇ ਕਰਕੇ ਹੀ ਇਹ ਤਰਕ ਦਿੱਤਾ ਜਾਂਦਾ ਹੈ,ਕਿ ਕਿਸੇ ਬਾਰੇ ਕੋਈ ਵੀ ਰਾਏ ਕਾਇਮ ਕਰਨ ਤੋਂ ਪਹਿਲਾਂ ਆਪਣੇ ਦਿਲ ਨਹੀਂ,ਬਲਕਿ ਦਿਮਾਗ ਤੋਂ ਜ਼ਰੂਰ ਸੋਚ ਲੈਣਾ ਚਾਹੀਦਾ ਹੈ।
ਕੀ ਅੰਮ੍ਰਿਤਪਾਲ ਭਗੋੜਾ ਹੋਣ ਕਰਕੇ ਹੀ ਇਕੱਲਾ ਪੈ ਗਿਆ ਸੀ ?
ਜਦੋਂ ਦੀਪ ਸਿੱਧੂ ਦੀ ਇੱਕ ਕਥਿਤ ਐਕਸੀਡੈਂਟ ਵਿੱਚ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਅਚਾਨਕ ਦੁੱਬਈ ਤੋਂ ਪੰਜਾਬ ਆਣ ਕੇ 'ਵਾਰਿਸ ਪੰਜਾਬ ਦੇ' ਸੰਸਥਾ ਦਾ ਮੁੱਖੀ ਬਣਿਆਂ,ਤਾਂ ਉਸ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਪਹਿਰਾਵਾ ਪਹਿਨ ਕੇ,ਉਨ੍ਹਾਂ ਦੀ ਸੋਚ ਨੂੰ ਅਪਣਾਉਣ ਦਾ ਪੂਰਾ ਭੁਲੇਖਾ ਪਾਇਆ ਗਿਆ ਅਤੇ ਚੰਦ ਦਿਨਾਂ ਵਿੱਚ ਹੀ ਵੱਡੀ ਗਿਣਤੀ ਵਿੱਚ ਲੋਕ ਅੰਮ੍ਰਿਤਪਾਲ ਨੂੰ ਪੰਜਾਬੀਅਤ ਦੀ ਨਵੀਂ ਸੋਚ ਸਮਝਦੇ ਹੋਏ ਮਗਰ ਲੱਗ ਤੁਰੇ।
ਸ਼ਾਇਦ ਬਹੁਤ ਸਾਰੇ ਲੋਕ ਇਹ ਚੁਹੰਦੇ ਸਨ,ਕਿ ਨਸ਼ਿਆਂ ਆਦਿ ਦੇ ਵਧ ਚੁੱਕੇ ਰੁਝਾਨ ਕਰਕੇ ਕੋਈ ਐਸਾ ਬੰਦਾ,ਫ਼ਰਿਸ਼ਤੇ ਦੇ ਰੂਪ ਵਿੱਚ ਆਵੇ,ਜਿਹੜਾ ਸਾਡੀ ਗਰਕ ਰਹੀ ਪੀੜ੍ਹੀ ਨੂੰ ਇੱਕ ਚੰਗੀ ਸਿਹਤ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇ।
ਹੋ ਸਕਦਾ ਹੈ ਕਿ ਸ਼ੁਰੂਆਤੀ ਦੌਰ ਵਿੱਚ ਅੰਮ੍ਰਿਤਪਾਲ ਦੀ ਨਸ਼ਾ ਛੁਡਾਊ ਅਤੇ ਅੰਮ੍ਰਿਤ ਛੱਕਣ ਦੀ ਮੁਹਿੰਮ ਨੇ ਲੋਕਾਂ ਨੂੰ ਆਪਣੇ ਵੱਲ ਖਿਚਿਆ ਹੋਵੇ ਅਤੇ ਸ਼ਾਇਦ ਇਹ ਸਿਲਸਿਲਾ ਅੱਗੇ ਵੀ ਤੁਰਦਾ,ਪਰ ਅਜਨਾਲਾ ਥਾਣੇ ਵਿੱਚ ਵਾਪਰੀ ਗੈਰਵਾਜਬ ਘਟਨਾ ਅਤੇ ਕੁੱਝ ਗੁਰੂ ਘਰਾਂ ਵਿੱਚ ਤੋਂੜੇ ਅਤੇ ਸਾੜੇ ਗਏ ਸਮਾਨ ਨੇ ਅੰਮ੍ਰਿਤਪਾਲ ਦੇ ਤੱਤੇ ਅਤੇ ਕਾਹਲ਼ੇ-ਪਣ ਦੀ ਅਸਲੀਅਤ ਸਾਹਮਣੇ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ।
ਇਸ ਤੋਂ ਬਾਅਦ ਪੁਲਿਸ ਭਾਰੀ ਆਲੋਚਨਾ ਝੱਲਦੀ ਹੋਈ ਹਰਕਤ ਵਿੱਚ ਆਈ ਅਤੇ ਅੰਮ੍ਰਿਤਪਾਲ ਦੇ ਪਿੱਛੇ ਹੱਥ ਧੋ ਕੇ ਪੈ ਗਈ,ਬੱਸ ਇਹੀ ਦੌਰ ਸੀ ਅੰਮ੍ਰਿਤਪਾਲ ਦੀ ਪਰਖ ਦਾ,ਜਿਥੇ ਸ਼ਾਇਦ ਉਹ ਫੇਲ ਹੋ ਗਿਆ ਅਤੇ ਸੁਚੱਜੇ ਢੰਗ ਨਾਲ ਗ੍ਰਿਫਤਾਰੀ ਦੇਣ ਦੀ ਬਜਾਏ ਭਗੋੜਾ ਹੋ ਗਿਆ,ਤੇ ਦੇਖਦੇ ਹੀ ਦੇਖਦੇ ਉਸ ਦੀ ਸੋਚ ਨਾਲ ਸਹਿਮਤ ਸੈਂਕੜੇ ਲੋਕ ਪੁਲਿਸ ਦੇ ਚੱਕਰਵਿਊ ਵਿੱਚ ਫਸ ਗਏ,ਅਤੇ ਲੋਕਾਂ ਨੂੰ ਸਮਝਣ 'ਚ ਦੇਰ ਨਾਂ ਲੱਗੀ,ਕੇ ਸ਼ਾਇਦ ਉਹ ਪ੍ਰਪੱਕਤਾ ਅਤੇ ਅਸੂਲਾਂ ਦੀ ਕਮੀਂ ਵਾਲੇ ਬੰਦੇ ਦੇ ਮਗਰ ਲੱਗਣ ਜਾਂ ਰਹੇ ਸਨ।
ਜਥੇਦਾਰ ਸਾਹਿਬ ਨੂੰ ਦਿੱਤੀ ਚੁਣੌਤੀ ਵੀ ਕੰਮ ਨਾ ਆਈ ?
ਆਪਣੇ ਬੇਵਜ੍ਹਾ ਭਗੋੜੇ ਹੋਣ ਦੀ ਨਾਕਾਮੀ ਦਾ ਦਾਗ਼ ਧੋਣ ਲਈ,ਅੰਮ੍ਰਿਤਪਾਲ ਨੇ ਵਿਸਾਖੀ ਮੌਕੇ ਲੋਕਾਂ,ਕੋਲੋਂ ਮੁੱੜ ਪਹਿਲਾਂ ਵਰਗੀ ਹਮਦਰਦੀ ਅਤੇ ਸਾਥ ਲੈਣ ਲਈ ਇੱਕ ਪੈਂਤੜਾ ਅਪਣਾਇਆ ਅਤੇ ਜਥੇਦਾਰ ਸ੍ਰੀ ਆਕਾਲ ਤਖਤ ਸਾਹਿਬ ਨੂੰ ਚਣੌਤੀ ਦੇ ਰੂਪ ਵਿੱਚ ਸਰਬੱਤ ਖਾਲਸਾ ਸੱਦਣ ਲਈ ਉਕਸਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ,ਪਰ ਕਾਮਯਾਬੀ ਨਹੀਂ ਮਿਲੀ,ਕਿਉਂਕਿ ਇਸ ਦਾ ਵੱਡਾ ਕਾਰਨ ਸੀ,ਜਥੇਦਾਰ ਸਾਹਿਬ ਨੂੰ ਇਹ ਕਹਿਣਾ,ਕਿ ਤੁਹਾਡੀ ਜਥੇਦਾਰੀ ਦੀ ਪਰਖ਼ ਹੈ।
ਕੀ ਪਤਨੀ ਬਣੀਂ ਗ੍ਰਿਫਤਾਰੀ ਦੀ ਵਜ੍ਹਾ,ਜਾਂ ਫਿਰ.....…..?
ਕੁੱਝ ਅਹਿਮ ਸੂਤਰ ਅਤੇ ਜਾਣਕਾਰ ਮੰਨਦੇ ਹਨ,ਕਿ ਜਿਸ ਅੰਮ੍ਰਿਤਪਾਲ ਨੂੰ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਤੇ ਤਰਸ ਭਾਵੇਂ ਨਾ ਆਇਆ ਹੋਵੇ,ਪਰ ਜਦੋਂ ਉਸ ਦੀ ਪਤਨੀ ਨੂੰ ਏਅਰਪੋਰਟ ਤੋਂ ਲੰਮੀ ਪੁਛਗਿੱਛ ਤੋਂ ਬਾਅਦ ਵਾਪਸ ਮੋੜ ਦਿੱਤਾ ਗਿਆ,ਉਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਇਹ ਸੁੱਝ ਗਈ ਹੋਵੇ,ਕਿ ਸਮਰਥਨ ਕਰਨ ਵਾਲੇ ਲੋਕ ਜ਼ਰੂਰ ਸੋਚਣਗੇ,ਕੇ ਜਿਸਦੀ ਪਤਨੀ ਉਸ ਦਾ ਅਤੇ ਬਜ਼ੁਰਗ ਮਾਪਿਆਂ ਦਾ ਔਖ਼ੇ ਵੇਲੇ ਸਾਥ ਛੱਡ ਚੱਲੀ ਹੋਵੇ,ਉਹ ਬੰਦਾ ਕੋਮ ਦੀ ਬਾਂਹ ਕਿਵੇਂ ਫ਼ੜ ਸਕਦਾ ਹੈ,ਇਸ ਲਈ ਅੰਮ੍ਰਿਤਪਾਲ ਨੇ ਗ੍ਰਿਫਤਾਰੀ ਦੇਣ ਦਾ ਮੰਨ ਬਣਾ ਲਿਆ ਹੋਵੇ ਜਾਂ ਫਿਰ ਪੁਲਿਸ ਨੇ ਪਤਨੀ ਜ਼ਰੀਏ ਅੰਮ੍ਰਿਤਪਾਲ ਤੇ ਗ੍ਰਿਫਤਾਰੀ ਦਾ ਦਬਾਅ ਬਣਾਇਆ ਹੋਵੇ। ਬਾਕੀ ਸਵਾਲ ਤਾਂ ਬਹੁਤ ਨੇ,ਪਰ ਅਸਲ ਜਵਾਬ ਤਾਂ ਅੰਮ੍ਰਿਤਪਾਲ ਅਤੇ ਪੁਲਿਸ ਹੀ ਦੇ ਸਕਦੀ ਹੈ।
ਆਖ਼ਰ 36 ਦਿਨਾਂ ਵਿੱਚ ਹੀ ਹਮਾਇਤੀਆਂ ਦਾ ਮੋਹ ਕਿਉਂ ਭੰਗ ਹੋ ਗਿਆ ?
ਜੱਗ ਜ਼ਾਹਿਰ ਹੈ,ਕਿ ਜਿਨ੍ਹੀਂ ਤੇਜ਼ੀ ਨਾਲ ਲੋਕ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸਨ,ਉਸ ਤੋਂ ਵੀ ਵੱਧ ਤੇਜ਼ੀ ਨਾਲ ਪਿੱਛੇ ਹੱਟ ਗਏ।
ਇਹ ਚਰਚਾ ਖ਼ੂਬ ਰਹੇਗੀ,ਕਿ ਆਖਰ ਐਸਾ ਕਿਉਂ ਹੋਇਆ।
ਇਸ ਬਾਰੇ ਮਾਹਿਰ ਅਤੇ ਜਾਣਕਾਰ ਮੰਨਦੇ ਹਨ,ਕਿ ਇਸ ਦੇ ਤਿੰਨ-ਚਾਰ ਵੱਡੇ ਕਾਰਨ ਹੋ ਸਕਦੇ ਹਨ।
1. ਮਾਮੂਲੀ ਜਿਹੇ ਕੇਸ ਤੋਂ ਆਪਣਾ 'ਆਪਾ' ਖੋਂਹਦੇ ਹੋਏ ਪੁਲਿਸ ਨਾਲ ਉਲਝ ਕੇ ਰਿੱਧੀ ਖੀਰ ਤੇ ਸਵਾਹ ਸੁੱਟ ਲੈਣਾ।
2.ਅੰਮ੍ਰਿਤਪਾਲ ਦਾ ਉਤਾਵਲੇ-ਪਣ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਲੈ ਜਾਣਾਂ।
3.ਪਹਿਲਾਂ ਵੱਡੇ-ਵੱਡੇ ਦਾਅਵੇ ਕਰਨੇ,ਫਿਰ ਗ੍ਰਿਫਤਾਰੀ ਦੇਣ ਦੀ ਬਜਾਏ ਸਾਥੀਆਂ ਨੂੰ ਛੱਡ ਕੇ ਭੱਜ ਜਾਣਾ,ਤੇ ਫਿਰ ਭੇਸ਼ ਬਦਲ ਕੇ ਚੋਰੀਂ-ਛੀਪੇ ਲੁੱਕਦੇ ਫਿਰਨਾਂ।
4. ਪਹਿਲਾਂ ਲੋਕਾਂ ਦੀਆਂ ਆਸਾਂ ਦਾ ਦੀਵਾ ਬਾਲਣਾ,ਫਿਰ ਭਗੋੜਾ ਹੋ,ਦੀਵੇ ਨੂੰ ਬੇਗਾਨਗੀ ਦੀ ਫੂਕ ਮਾਰ ਬੁਝਾ ਦੇਣਾਂ।
ਆਖਿਰ ਵਿੱਚ ਬੁਧੀਜੀਵੀਆਂ ਵੱਲੋਂ ਸੂਬੇ ਸਮੇਤ ਸਮੁੱਚੀ ਮਾਨਵਤਾ ਨੂੰ ਅਪੀਲ ਹੈ,ਕਿ ਅਸੀਂ ਜਾਣਦੇ ਹਾਂ,ਕਿ ਇਨਸਾਨ ਦਾ ਜ਼ਜ਼ਬਾਤਾਂ ਦੇ ਵਹਿਣ 'ਚ ਵਹਿ ਜਾਣਾਂ ਸੁਭਾਵਿਕ ਹੈ,ਲੇਕਿਨ ਅੱਜ ਦੇ ਆਧੁਨਿਕ ਯੁੱਗ ਵਿੱਚ ਬਿਨਾਂ ਪਰਖੇ ਅੱਖਾਂ ਮੀਟ,ਕਿਸੇ ਦੇ ਮਗਰ ਲੱਗ ਜਾਣਾ ਵੀ ਅਕਲਮੰਦੀ ਨਹੀਂ ਸਮਝੀ ਜਾਂ ਸਕਦੀ। ਪੰਜਾਬੀਓ ਇਹ ਵੀ ਜ਼ਰੂਰ ਸੋਚਣਾ,ਕਿ ਜੇ ਅੰਮ੍ਰਿਤਪਾਲ ਵਿੱਚ ਕੋਈ ਦਮ ਹੁੰਦਾ,ਜਾਂ ਰੱਬ ਦੀ ਉਸ ਤੇ ਕੋਈ ਬਖਸ਼ਿਸ਼ ਹੁੰਦੀ,ਤਾਂ ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ 36 ਦਿਨਾਂ ਵਿੱਚ ਲੋਕ ਘਰ ਬਾਹਰ ਛੱਡ ਕੇ ਉਸ ਦੀ ਹਮਾਇਤ 'ਚ ਸੜਕਾਂ ਤੇ ਜਰੂਰ ਉਤਰਦੇ। ਬਾਕੀ ਫੈਸਲਾ ਤੁਹਾਡੇ ਹੱਥ,ਕਿਉਂਕਿ ਹਰ ਬੰਦਾ ਆਪਣੀ ਮਰਜ਼ੀ ਦਾ ਮਾਲਕ ਹੈ,ਤੇ ਇਹ ਹੱਕ ਘੱਟੋ-ਘੱਟ ਬੰਦੇ ਕੋਲੋਂ ਬੰਦਾ,ਤਾਂ ਨਹੀਂ ਖੋਹ ਸਕਦਾ।