ਕੀ 'ਆਪ' ਸਰਕਾਰ ਹੱਥ ਧੋ ਕੇ ਤ੍ਰਿਪਤ ਬਾਜਵਾ ਦੇ ਪਿੱਛੇ ਪੈ ਗਈ ਹੈ।  ਮੰਤਰੀ ਧਾਲੀਵਾਲ ਨੇ ਕਰੋੜਾਂ ਦੇ ਕਥਿਤ ਘਪਲੇ ਦੀ ਫ਼ਾਈਲ ਮੁੱਖ ਮੰਤਰੀ ਨੂੰ ਸੌਂਪੀ ?  ਤ੍ਰਿਪਤ ਬਾਜਵਾ ਸ਼ੁਰੂ ਤੋਂ ਹੀ ਦੋਸ਼ਾਂ ਨੂੰ ਨਕਾਰ ਦੇ ਰਹੇ ਹਨ।
ਕੀ 'ਆਪ' ਸਰਕਾਰ ਹੱਥ ਧੋ ਕੇ ਤ੍ਰਿਪਤ ਬਾਜਵਾ ਦੇ ਪਿੱਛੇ ਪੈ ਗਈ ਹੈ।

ਮੰਤਰੀ ਧਾਲੀਵਾਲ ਨੇ ਕਰੋੜਾਂ ਦੇ ਕਥਿਤ ਘਪਲੇ ਦੀ ਫ਼ਾਈਲ ਮੁੱਖ ਮੰਤਰੀ ਨੂੰ ਸੌਂਪੀ ?

ਤ੍ਰਿਪਤ ਬਾਜਵਾ ਸ਼ੁਰੂ ਤੋਂ ਹੀ ਦੋਸ਼ਾਂ ਨੂੰ ਨਕਾਰ ਦੇ ਰਹੇ ਹਨ।

ਕੀ ਸ਼ੈਰੀ ਕਲਸੀ ਬਾਜਵਾ ਧੜੇ ਦੀ ਅੰਦਰ ਖਾਤੇ ਕਰਣਗੇ ਕੋਈ ਮੱਦਤ,ਕਿਉਂਕਿ.......?

ਅੰਮ੍ਰਿਤਸਰ/ਚੰਡੀਗੜ੍ਹ ਵਿਸ਼ਵ ਟੀਵੀ ਨਿਊਜ਼ (ਸੈਂਡੀ ਗਿੱਲ,ਤਰੁਣ ਅਰੋੜਾ) ਵਕਤ-ਵਕਤ ਦੀ ਗੱਲ ਹੈ,2017 ਤੋਂ ਲੈ ਕੇ 2022 ਤੱਕ ਮਾਝੇ ਦੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਰ ਪਾਸੇ ਤੂਤੀ ਬੋਲਦੀ ਰਹੀ ਹੈ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸਰਕਾਰ ਵਿੱਚ ਦੂਜੇ ਨੰਬਰ ਦਾ ਸਭ ਤੋਂ ਤਾਕਤਵਾਰ ਮੰਤਰੀ ਮੰਨਿਆ ਜਾਂਦਾ ਸੀ। ਫਿਰ ਚਾਹੇ ਕਾਂਗਰਸ ਮਹਿਜ਼ 20 ਸੀਟਾਂ ਤੇ ਲੁੜਕ ਗਈ ਅਤੇ ਜ਼ਿਆਦਾਤਰ ਐਗਜ਼ਿਟ ਪੋਲ ਤ੍ਰਿਪਤ ਬਾਜਵਾ ਦੀ ਹਾਰ ਦਸ ਰਹੇ ਸਨ,ਲੇਕਿਨ ਬਾਵਜੂਦ ਇਸਦੇ ਉਹ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਲੈ ਕੇ ਆਪਣੀ ਸੀਟ ਜਿੱਤਣ ਵਿੱਚ ਕਾਮਯਾਬ ਹੋ ਗਏ। ਇਸ ਹੈਰਾਨੀਜਨਕ ਜਿੱਤ ਤੋਂ ਬਾਅਦ ਵੀ ਦੋ ਤਰ੍ਹਾਂ ਦੀ ਚਰਚਾ ਸਾਹਮਣੇ ਆਈ ਸੀ,ਇੱਕ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਸੀ,ਕਿ ਤ੍ਰਿਪਤ ਬਾਜਵਾ ਨੇ ਆਪਣੇ ਹਲਕੇ 'ਚ ਕਰੋੜਾਂ ਦਾ ਵਿਕਾਸ ਕਰਵਾਇਆ,ਜਿਸ ਦੇ ਕਾਰਨ ਹੀ ਉਨ੍ਹਾਂ ਦੀ ਜਿੱਤ ਯਕੀਨੀ ਹੋ ਸਕੀ,ਜਦਕਿ ਉਨ੍ਹਾਂ ਦੇ ਵਿਰੋਧੀ ਇਸ ਜਿੱਤ ਨੂੰ ਸਿਰਫ ਤੇ ਸਿਰਫ ਪੈਸੇ ਦੀ ਜਿੱਤ ਕਰਾਰ ਦੇਣ ਲੱਗ ਪਏ। 

ਫਿਰ ਕੁਝ ਹਫਤੇ ਬੀਤੇ ਤਾਂ ਇਹ ਗੱਲ ਉੱਠਣ ਲੱਗੀ,ਕਿ ਤ੍ਰਿਪਤ ਬਾਜਵਾ ਨੂੰ ਜਾਂਚ ਦੇ ਘੇਰੇ ਵਿੱਚ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਦੇਰ-ਸਵੇਰ ਉਨ੍ਹਾਂ ਤੇ ਈ.ਡੀ ਜਾਂ ਹੋਰ ਜਾਂਚ ਏਜੰਸੀਆਂ ਦੀ ਗਾਜ ਡਿੱਗ ਸਕਦੀ ਹੈ। 1-2  ਮਹੀਨੇ ਤਾਂ ਇਨ੍ਹਾਂ ਚਰਚਾਵਾਂ ਵਿੱਚ ਹੀ ਲੰਘ ਗਏ,ਪਰ ਹੁਣ 'ਆਪ' ਸਰਕਾਰ ਦੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਇਹ ਕਹਿ ਕੇ ਤ੍ਰਿਪਤ ਬਾਜਵਾ ਦੀਆਂ ਮੁਸ਼ਕਲਾਂ ਵਿੱਚ ਵੱਡਾ ਇਜ਼ਾਫਾ ਕਰ ਦਿੱਤਾ ਹੈ,ਕਿ ਉਨ੍ਹਾਂ ਬਾਰੇ ਕਥਿਤ ਜਾਂਚ ਦੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਸ: ਧਾਲੀਵਾਲ ਨੇ ਦੱਸਿਆ,ਕਿ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਸ: ਬਾਜਵਾ ਨੇ ਇੱਕ ਕੀਮਤੀ ਜਮੀਨ ਦੀ ਫਾਈਲ ਤੇ ਉਸ ਵਕਤ ਦਸਤਖ਼ਤ ਕੀਤੇ,ਜਦੋਂ ਉਨ੍ਹਾਂ ਦੀ ਸਰਕਾਰ ਜਾ ਚੁੱਕੀ ਸੀ,ਮੰਤਰੀ ਸ: ਧਾਲੀਵਾਲ ਨੇ ਇਹ ਦਾਅਵਾ ਵੀ ਕੀਤਾ,ਕਿ 10 ਮਾਰਚ ਨੂੰ ਕਾਂਗਰਸ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅਸਤੀਫਾ ਦੇ ਦਿੱਤਾ ਅਤੇ 11 ਮਾਰਚ ਨੂੰ ਤ੍ਰਿਪਤ ਬਾਜਵਾ ਨੇ ਸਬੰਧਤ ਫਾਇਲ ਤੇ ਦਸਤਖ਼ਤ ਕੀਤੇ। ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਬਹੁਤ ਹੀ ਅਹਿਮ ਸਵਾਲ ਦੇ ਜਵਾਬ ਵਿਚ ਕਿਹਾ,ਕਿ ਜਿਹੜੀ ਫਾਇਲ ਤੇ ਸਰਕਾਰ ਰਹਿੰਦੇ 4-5 ਸਾਲ ਦਸਤਖ਼ਤ ਨਹੀਂ ਕੀਤੇ ਗਏ ਉਸ ਤੇ ਸਰਕਾਰ ਜਾਣ ਦੇ ਇੱਕ ਦਿਨ ਬਾਅਦ ਆਖਰ ਕਿਉਂ ਦਸਤਖ਼ਤ ਹੋਏ,ਏਸੇ ਨੂੰ ਲੈ ਕੇ ਅਸੀਂ ਇੱਕ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਸੀ,ਜਿਸ ਨੇ ਆਪਣੀ ਪੂਰੀ ਰਿਪੋਰਟ ਤਿਆਰ ਕਰ ਲਈ,ਲੇਕਿਨ ਮਾਮਲਾ ਸਾਬਕਾ ਕੈਬਨਿਟ ਮੰਤਰੀ ਦੇ ਪੱਧਰ ਦਾ ਹੋਣ ਕਰਕੇ ਮੇਰੇ ਅਧਿਕਾਰ-ਖੇਤਰ ਵਿੱਚ ਨਹੀਂ ਸੀ ਆਉਂਦਾ,ਇਸ ਲਈ ਮੈਂ ਇਸ ਫਾਇਲ ਨੂੰ ਜਾਂਚ ਉਪਰੰਤ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਨੂੰ ਅਗਲੇਰੀ ਕਾਰਵਾਈ ਲਈ ਸੌਂਪ ਦਿੱਤਾ ਹੈ। ਉਨ੍ਹਾਂ ਇਹ ਇਸ਼ਾਰਾ ਵੀ ਕੀਤਾ ਕੇ ਮੰਤਰੀ ਦੇ ਦਰਖਤਾਂ ਦੇ ਨਾਲ-ਨਾਲ 2 ਆਈ ਏ ਐਸ ਅਧਿਕਾਰੀ ਵੀ ਜਾਂਚ ਦੇ ਘੇਰੇ ਵਿੱਚ ਆਏ ਹਨ,ਜਿਨ੍ਹਾਂ ਬਾਰੇ ਰਿਪੋਰਟ ਵਿੱਚ ਸਭ ਕੁਝ ਦਰਜ ਹੈ।

 ਉਧਰ ਇਹ ਦੱਸ ਦਈਏ ਹੈ,ਕਿ ਸ: ਬਾਜਵਾ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤੋਂ ਹੀ ਇਹ ਕਹਿੰਦੇ ਹਨ,ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਮਾਮਲੇ ਵਿੱਚ ਕੁਝ ਗਲਤ ਲੱਗਿਆ ਸੀ,ਤਾਂ ਉਹ ਸਬੰਧਤ ਜਗਾ ਦੀ ਰਜਿਸਟਰੀ ਰੋਕ ਸਕਦੇ ਸਨ। ਬਾਕੀ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ,ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ।

ਉੱਧਰ ਇੱਕ ਹੋਰ ਬੜੀ ਦਿਲਚਸਪ ਚਰਚਾ ਛਿੜ ਪਈ ਹੈ,ਕਿ ਬਟਾਲਾ ਤੋਂ ਰਿਕਾਰਡ ਵੋਟਾਂ ਨਾਲ ਜਿੱਤੇ 'ਆਪ' ਦੇ ਵਿਧਾਇਕ ਸ਼ੈਰੀ ਕਲਸੀ ਕੀ ਅੰਦਰ ਖਾਤੇ ਤ੍ਰਿਪਤ ਧੜੇ ਲਈ ਇਸ ਮਾਮਲੇ ਵਿੱਚ ਕੁਝ ਮਦਦਗਾਰ ਸਾਬਤ ਹੋਣਗੇ ਜਾਂ ਨਹੀਂ,ਕਿਉਂਕਿ ਚਰਚਾ ਛੇੜਨ ਵਾਲਿਆਂ ਦਾ ਮਨਣਾ ਹੈ,ਕੇ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦੇ ਬੱਚੇ-ਬੱਚੇ ਦੀ ਜ਼ੁਬਾਨ ਤੇ ਸੀ,ਕਿ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਲਈ ਬਜ਼ਿਦ ਤ੍ਰਿਪਤ ਧੜਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਿਆ ਸੀ। ਬਾਕੀ ਇਹ ਤਾਂ ਉਸ ਵਕਤ ਦੀ ਮਹਿਜ ਚਰਚਾ ਸੀ,ਇਸ ਦਾ ਹੁਣ ਕੋਈ ਫ਼ਾਇਦਾ ਕਿਸੇ ਨੂੰ ਮਿਲਦਾ ਹੈ,ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। ਪਰ ਕੁੱਝ ਜਾਣਕਾਰ ਅਤੇ ਬੁੱਧੀਜੀਵੀ ਇਹ ਮੰਨਦੇ ਹਨ,ਕਿ ਸ਼ੈਰੀ ਕਲਸੀ ਸ਼ਾਨਦਾਰ ਜਿੱਤ ਤੋਂ ਬਾਅਦ,ਹੁਣ ਐਸੇ ਕਿਸੇ ਵੀ ਭ੍ਰਿਸ਼ਟਾਚਾਰ ਦੇ ਚਿੱਕੜ ਵਿੱਚ ਲਿਬੜਨ ਤੋਂ ਬਚਣਗੇ,ਜਿਸ ਦੇ ਛਿੱਟੇ ਉਨ੍ਹਾਂ ਦੇ ਦਾਮਨ ਤੇ ਪੈ ਸਕਣ। ਪਰ ਹਾਲ ਦੀ ਘੜੀ ਮੰਤਰੀ ਧਾਲੀਵਾਲ ਦੇ ਵੱਡੇ ਖੁਲਾਸੇ ਤੋਂ ਬਾਅਦ ਤ੍ਰਿਪਤ ਧੜੇ ਦੀਆਂ ਚਿੰਤਾਵਾਂ ਜ਼ਰੂਰ ਵੱਧ ਗਈਆਂ ਹੋਣਗੀਆਂ,ਜਦਕਿ ਉਨ੍ਹਾਂ ਦੇ ਵਿਰੋਧੀ ਉਸ ਦਿਨ ਦੀ ਉਡੀਕ ਵਿੱਚ ਹੋਣਗੇ,ਜਿਸ ਦਿਨ ਮਾਨ ਸਰਕਾਰ ਬਾਜਵਾ ਵਿਰੁੱਧ ਕੋਈ ਕਥਿਤ ਕਾਰਵਾਈ ਕਰੇਗੀ। ਬਾਕੀ ਆਉਣ ਵਾਲੇ ਦਿਨਾਂ ਵਿਚ ਸਾਫ ਹੋਵੇਗਾ,ਕਿ ਮੌਜੂਦਾ ਸਰਕਾਰ ਸਾਬਕਾ ਕੈਬਨਿਟ ਮੰਤਰੀ ਵਿਰੁੱਧ ਕੋਈ ਕਾਰਵਾਈ ਕਰੇਗੀ,ਜਾਂ ਹਾਲੇ ਮਹਿਜ਼ ਇੱਕ ਬੜਕ ਨਾਲ ਹੀ,ਪੈਰਾਂ ਹੇਠੋਂ ਜ਼ਮੀਨ ਖਿਸਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।