👉ਰੰਧਾਵਾ ਸਾਬ, ਆਪਣੇ ਪਿਤਾ ਦਾ ਆਖਰੀ ਵਾਅਦਾ ਨਾਂ ਭੁੱਲਿਓ। 👉ਉਨ੍ਹਾਂ 25 ਸਾਲ ਪਹਿਲਾਂ ਛਾਤੀ ਠੋਕ ਕੇ ਕਿਹਾ ਸੀ............
👉ਰੰਧਾਵਾ ਸਾਬ, ਆਪਣੇ ਪਿਤਾ ਦਾ ਆਖਰੀ ਵਾਅਦਾ ਨਾਂ ਭੁੱਲਿਓ।
👉ਉਨ੍ਹਾਂ 25 ਸਾਲ ਪਹਿਲਾਂ ਛਾਤੀ ਠੋਕ ਕੇ ਕਿਹਾ ਸੀ.............
👉ਜੇ ਤੁਹਾਡੇ ਦੋਨਾਂ ਕੋਲੋ ਵਾਅਦਾ ਨਾ ਪੁੱਗਿਆ ਤਾਂ,
👉ਲੋਕ ਸਮਝਣਗੇ ਕੈਪਟਨ ਨੂੰ ਚਿੱਠੀਆਂ ‘ਪ੍ਰਤਾਪ’ ਦੇ ਡਰੋਂ ਲਿਖੀਆਂ?
👉ਮਾਝੇ ਦੇ 4 ਹਲਕਿਆਂ ’ਚ ਕਾਂਗਰਸ ਨੂੰ ਵੀ ਮਿਲੇਗਾ ਇਸਦਾ ਫਾਇਦਾ ?

ਬਟਾਲਾ/ਚੰਡੀਗੜ੍ਹ, 27 ਸਤੰਬਰ, ਵਿਸ਼ਵ ਟੀ.ਵੀ ਨਿਊਜ਼ (ਸੈਂਡੀ ਗਿੱਲ, ਅਭੀਤੇਜ ਸਿੰਘ ਗਿੱਲ): ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ,ਕਿ ਆਪਣੇ ਸਮੇਂ ਦੇ ਦਰਵੇਸ਼ ਅਤੇ ਤਾਕਤਵਰ ਨੇਤਾ ਰਹੇ ਮਰਹੂਮ ਸ. ਸੰਤੋਖ ਸਿੰਘ ਰੰਧਾਵਾ ਨੇ ਕਰੀਬ 25 ਸਾਲ ਪਹਿਲਾ ਇਕ ਠੋਕਵਾਂ ਐਲਾਨ ਕੀਤਾ ਸੀ,ਕਿ ਮੈਂ ਬਟਾਲਾ ਨੂੰ ਜ਼ਿਲਾ ਬਣਵਾਵਾਂਗਾ। ਜਾਣਕਾਰ ਦੱਸਦੇ ਹਨ,ਕਿ ਜਦੋ ਨਵਾਂ ਸ਼ਹਿਰ ਜ਼ਿਲਾ ਬਣਿਆਂ,ਤਾਂ ਉਸ ਵਕਤ ਬਟਾਲਾ ਦੇ ਵਕੀਲਾਂ ਨੇ ਹਿੱਕ ਡਾਅ ਕੇ ਬਟਾਲਾ ਨੂੰ ਵੀ ਜ਼ਿਲਾ ਬਣਾਉਣ ਦੀ ਮੰਗ ਕੀਤੀ ਅਤੇ ਮੁਕੰਮਲ ਹੜਤਾਲ ’ਤੇ ਚਲੇ ਗਏ। ਫਿਰ ਉਥੇ ਉਹ ਰੰਧਾਵਾ ਪੁੱਜੇ,ਜਿਹੜੇ ਕਹਿਣੀ ਅਤੇ ਕਰਨੀ ਦੇ ਪੱਕੇ ਸਨ,ਨੇ ਵਕੀਲਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਬਟਾਲਾ ਨੂੰ ਜ਼ਿਲ੍ਹਾ ਬਣਵਾ ਕੇ ਹੀ ਦਮ ਲੈਣਗੇ, ਕੁੱਝ ਦਿਨ ਬਾਅਦ ਸ. ਰੰਧਾਵਾ ਨੇ ਬਟਾਲੇ ਤੋਂ 5 ਵਕੀਲਾਂ ਦਾ ਵਫ਼ਦ ਅਮ੍ਰਿੰਤਸਰ ਬੁਲਾਇਆ ਅਤੇ ਖੁਦ ਮੁੱਖ ਮੰਤਰੀ ਸ. ਬਰਾੜ ਨਾਲ ਹੈਲੀਕਾਪਟਰ ਰਾਹੀ ਅਮ੍ਰਿੰਤਸਰ ਸਰਕਟ ਹਾਊਸ ਪੁੱਜੇ ਅਤੇ ਉਥੇ ਸ. ਬਰਾੜ ਕੋਲੋ ਵੀ ਵਕੀਲਾਂ ਨੂੰ ਵਿਸ਼ਵਾਸ ਅਤੇ ਵਾਅਦਾ ਦਿਵਾਇਆ ਕਿ ਬਟਾਲਾ ਨੂੰ ਜ਼ਿਲਾ ਬਣਾਵਾਂਗੇ,ਲੇਕਿਨ ਬਦਕਿਸਮਤੀ ਨਾਲ ਸ. ਬਰਾੜ ਦੀ ਹਕੂਮਤ ਜਿਆਦਾ ਦੇਰ ਨਾਂ ਚੱਲੀ ਅਤੇ ਵਕਤ ਨੇ ਸ. ਸੰਤੋਖ ਸਿੰਘ ਰੰਧਾਵਾ ਨੂੰ ਵੱਡੀ ਸਿਆਸੀ ਤਾਕਤ ਨਹੀਂ ਬਖਸ਼ੀ,ਜਿਸਦੇ ਚਲਦੇ ਉਨ੍ਹਾਂ ਦਾ ਇਹ ਵਾਅਦਾ ਅਧੂਰਾ ਰਹਿ ਗਿਆ,ਜਿਸ ਦੀ ਕਸਕ ਯਕੀਨਨ ਜਿੰਦਗੀ ਦੇ ਆਖਰੀ ਵਕਤ ਤੱਕ ਉਨ੍ਹਾਂ ਦੇ ਮਨ ਵਿਚ ਜਰੂਰ ਰਹੀ ਹੋਵੇਗੀ। 

ਹੁਣ ਜਦੋ ਉਨ੍ਹਾਂ ਦੇ ਲੱਖਤੇ-ਜਿਗਰ ਸ. ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਬਣੇ ਹਨ ਅਤੇ ਉਨ੍ਹਾਂ ਕੋਲ ਵੱਡੀ ਤਾਕਤ ਵੀ ਆਈ ਹੈ,ਤਾਂ ਅਜਿਹੇ ਵਿਚ ਬਟਾਲਾ ਵਾਸੀਆਂ ਦੀ ਜਬਰਦਸਤ ਮੰਗ ਹੈ,ਕਿ ਰੰਧਾਵਾ ਸਾਬ, ਆਪਣੇ ਉਸ ਇਮਾਨਦਾਰ ਪਿਤਾ ਦਾ 25 ਸਾਲ ਪੁਰਾਣਾ ਵਾਅਦਾ ਹਰ ਹਾਲਤ ਵਿਚ ਪੂਰਾ ਕਰੋ, ਜਿੰਨ੍ਹਾਂ ਦੀ ਤੁਸੀ ਜਿੰਦੇ-ਜੀਅ ਕੋਈ ਗੱਲ ਨਹੀਂ ਮੋੜਦੇ ਰਹੇ ਅਤੇ ਉਨ੍ਹਾਂ ਦੇ ਹਰ ਹੁਕਮ ’ਤੇ ਫੁੱਲ ਚਾੜਦੇ ਰਹੇ,ਇਹ ਵੀ ਉਨ੍ਹਾਂ ਦਾ ਆਖਰੀ ਹੁਕਮ ਸਮਝੋ ਅਤੇ ਬਟਾਲਾ ਨੂੰ ਜਰੂਰ ਜ਼ਿਲਾ ਬਣਾਓ,ਤਾਂ ਜੋ ਉਨ੍ਹਾਂ ਦਾ ਛਾਤੀ ਠੋਕ ਕੇ ਕੀਤਾ ਵਾਅਦਾ ਰੂਹ ਨੂੰ ਭਟਕਾਏ ਬਗੈਰ ਸਕੂਨ ਦੇਵੇ।

ਉਧਰ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਜੇਕਰ ਸ. ਰੰਧਾਵਾ ਅਤੇ ਤ੍ਰਿਪਤ ਬਾਜਵਾ ਬਟਾਲਾ ਨੂੰ ਜ਼ਿਲਾ ਬਣਵਾ ਦਿੰਦੇ ਹਨ,ਤਾਂ ਸ਼ਰਤੀਆ ਇਸਦਾ ਸਿਆਸੀ ਫਾਇਦਾ ਮਾਝੇ ਦੇ 4 ਵਿਧਾਨ ਸਭਾ ਹਲਕਿਆਂ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ ਅਤੇ ਬਟਾਲਾ ਵਿਚ ਕਾਂਗਰਸ ਨੂੰ ਮਿਲ ਸਕਦਾ ਹੈ,ਕਿਉਂਕਿ ਬਟਾਲਾ ਜ਼ਿਲ੍ਹਾ ਬਣਨ ਨਾਲ ਇੰਨ੍ਹਾਂ ਚਾਰੇ ਹਲਕਿਆਂ ਦੇ ਲੋਕਾਂ ਦੀ ਖੱਜਲ-ਖੁਆਰੀ ਘੱਟਣੀ ਹੈ ਅਤੇ ਉਨ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਵਿਚ ਇਜਾਫਾ ਹੋਣਾ ਸੁਭਾਵਿਕ ਹੈ,ਕਿਉਂਕਿ ਜ਼ਿਲਾ ਕਿਸੇ ਵੀ ਇਲਾਕੇ ਲਈ ਵਿਕਾਸ ਦੀ ਗੱਡੀ ਦਾ ਇੰਜਣ ਸਮਝਿਆ ਜਾਂਦਾ ਹੈ।

ਹਾਂ ਰੰਧਾਵਾ ਸਾਬ,ਇਕ ਗੱਲ ਹੋਰ ਜੇ ਤੁਹਾਡਾ ਕੋਈ ਖੈਰ-ਖਵਾਹ ਤੁਹਾਨੂੰ ਗਲਤ ਰਾਏ ਦੇ ਕੇ ਇਸ ਵੱਡੇ ਕਾਰਜ ਤੋਂ ਰੋਕੇ,ਤਾਂ ਇੰਨ੍ਹਾਂ ਖਿਆਲ ਜਰੂਰ ਰੱਖਿਓ,ਕਿ ਤੁਸੀ ਅਤੇ ਤ੍ਰਿਪਤ ਬਾਜਵਾ ਨੇ ਉਨ੍ਹਾਂ ਦਿਨਾਂ ਦੇ ਤਲਖ਼ ਸਿਆਸੀ ਹਾਲਾਤਾਂ ਦੇ ਬਾਵਜੂਦ,ਦਿਲ ’ਤੇ ਵੱਡਾ ਪੱਥਰ ਰੱਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ,ਨਾਂ ਚਾਹੁੰਦੇ ਹੋਏ ਵੀ ਇਕ ਨਹੀਂ, ਬਲਕਿ 2 ਵਾਰ ਬਟਾਲਾ ਨੂੰ ਜ਼ਿਲਾ ਬਣਾਉਣ ਲਈ ਚਿੱਠੀ ਲਿਖੀ ਅਤੇ ਕੈਪਟਨ ਦੇ ਜਵਾਬ ਨਾਲ ਤੁਹਾਡੀ ਹੇਠੀ ਵੀ ਹੋਈ ਅਤੇ ਵਿਰੋਧੀ ਮੁਸਕਰਾਏ। ਰੰਧਾਵਾ ਅਤੇ ਬਾਜਵਾ ਸਾਬ,ਜੇ ਤਾਂ ਉਹ 2 ਚਿੱਠੀਆਂ ਮਹਿਜ ਇਸ ਕਰਕੇ ਲਿਖੀਆਂ ਗਈਆਂ ਸਨ,ਕਿ ਪ੍ਰਤਾਪ ਬਾਜਵਾ ਦੇ ਜ਼ੋਰ ਦੇਣ ’ਤੇ ਕੈਪਟਨ ਨੇ ਬਟਾਲਾ ਨੂੰ ਜ਼ਿਲਾ ਬਣਾ ਦਿੱਤਾ,ਤਾਂ ਇਸ ਦਾ ਸਾਰਾ ਸਿਹਰਾ ਪ੍ਰਤਾਪ ਬਾਜਵਾ ਸਿਰ ਬੱਜ ਜਾਵੇਗਾ ਅਤੇ ਸਾਡੀ ਸਿਆਸੀ ਹੱਤਕ ਹੋਵੇਗੀ,ਤਾਂ ਫਿਰ ਤੁਸੀ ਬਿਲਕੁਲ ਵੀ ਜ਼ਿਲ੍ਹਾ ਨਾਂ ਬਣਵਾਇਓ ਅਤੇ ਨਾਂ ਹੀ ਤੁਹਾਡੇ ਕੋਲੋ ਬਨਣਾ ਹੈ,ਲੇਕਿਨ ਜੇ ਵਾਕਿਆ ਹੀ ਤੁਸੀ ਦੋਨਾਂ ਨੇ ਮਰਹੂਮ ਸ. ਸੰਤੋਖ ਸਿੰਘ ਰੰਧਾਵਾ ਦੇ ਆਖਰੀ ਅਧੂਰੇ ਵਾਅਦੇ ਅਤੇ ਅਵਾਮ ਦੀਆਂ ਸੰਜੀਦਾ ਭਾਵਨਾਵਾਂ ਮੁੱਖ ਰੱਖਦਿਆਂ ਸਾਫ ਮਨ ਨਾਲ ਦਿਲੋ ਲੋਕ ਹਿੱਤਾਂ 'ਚ ਜ਼ਿਲਾ ਬਣਾਉਣ ਲਈ ਚਿੱਠੀਆਂ ਲਿਖੀਆਂ ਸਨ,ਤਾਂ ਫਿਰ ਤੁਹਾਡੇ ਦੋਨਾਂ ਲਈ ਇਹ ਮਹਿਜ਼ ਇੱਕ ਕੰਮ ਨਹੀਂ,ਬਲਕਿ ਵੱਡਾ ਮਕਸਦ ਹੋਣਾ ਚਾਹੀਦਾ ਹੈ। ਵੈਸੇ ਵੀ ਤੁਹਾਡੇ ਲਈ ਇਹ ਕਿਸੇ ਚੈਲੰਜ ਤੋਂ ਘੱਟ ਨਹੀਂ,ਕਿਉਂਕਿ ਜੇ ਇੱਕਲਾ ਪ੍ਰਤਾਪ ਬਾਜਵਾ ਜਿਲਾ ਬਣਾਉਣ ਦਾ ਦਮ ਅਤੇ ਮਾਦਾ ਰੱਖ ਸਕਦਾ ਸੀ,ਤਾਂ ਤੁਸੀ 2 ਕਿਉਂ ਨਹੀਂ ? ਫੇਰ ਲੋਕ ਤਾਂ ਪੁੱਛਣਗੇ ਹੀ,ਕੀ ਪ੍ਰਤਾਪ ਤੁਹਾਡੇ ਤੋਂ ਵੱਧ ਤਾਕਤਵਰ ਸੀ,ਇਸ ਲਈ ਚੱਕ ਦੋ ਫੱਟੇ,ਲੁੱਟ ਲਉ ਮੇਲਾ। ਬਾਕੀ ਜਨਾਬ ਜੇ ਆਈ ਉੱਤੇ ਆਇਆ ਹੋਵੇ, ਜੱਟ ਕੀ ਤੇ ਘੱਟ ਕੀ।