👉 ਡੇਰਾ ਬਾਬਾ ਨਾਨਕ ਮਜੀਠੀਆ ਦੇ ‘ਨੱਕ’ ਦਾ ਸਵਾਲ 👉ਅਕਾਲੀਓ! ‘ਰੰਧਾਵਾ’ ਢਾਹੁਣੈ ਤਾਂ ਇਕੱਠੇ ਹੋ ਕੇ ਪਵੋ 👉ਖਿੱਲਰੇ ਰਹੇ ਤਾਂ ਉਪ ਮੁਖ ਮੰਤਰੀ,  ਕੱਲੇ-ਕੱਲੇ ਦੀ ਧੌਣ ’ਤੇ ਗੋਡਾ ਰੱਖ ਕੇ ਢਾਊ 👉ਲੰਗਾਹ, ਰੰਧਾਵੇ ਕੋਲੋਂ ਲਊ ਬਦਲਾ ਜਾਂ....!
👉 ਡੇਰਾ ਬਾਬਾ ਨਾਨਕ ਮਜੀਠੀਆ ਦੇ ‘ਨੱਕ’ ਦਾ ਸਵਾਲ
👉ਅਕਾਲੀਓ! ‘ਰੰਧਾਵਾ’ ਢਾਹੁਣੈ ਤਾਂ ਇਕੱਠੇ ਹੋ ਕੇ ਪਵੋ
👉ਖਿੱਲਰੇ ਰਹੇ ਤਾਂ ਉਪ ਮੁਖ ਮੰਤਰੀ, ਕੱਲੇ-ਕੱਲੇ ਦੀ ਧੌਣ ’ਤੇ ਗੋਡਾ ਰੱਖ ਕੇ ਢਾਊ
👉ਲੰਗਾਹ, ਰੰਧਾਵੇ ਕੋਲੋਂ ਲਊ ਬਦਲਾ ਜਾਂ....!

ਚੰਡੀਗੜ੍ਹ/ਡੇਰਾ ਬਾਬਾ ਨਾਨਕ, 22 ਅਕਤੂਬਰ, ਵਿਸ਼ਵ ਟੀ.ਵੀ. ਨਿਊਜ਼ (ਸੈਂਡੀਗਿੱਲ, ਅਭੀਤੇਜ ਸਿੰਘ ਗਿੱਲ)- ਸ਼ੋੋ੍ਰਮਣੀ ਅਕਾਲੀ ਦਲ ਬਾਦਲ ਅਤੇ ਖਾਸ ਕਰਕੇ ਮਾਝੇ ਦੇ ਜਰਨੈਲ ਸ. ਬਿਕਰਮ ਸਿੰਘ ਮਜੀਠੀਆ ਨੂੰ ਪਾਣੀ ਪੀ-ਪੀ ਕੇ ਕੋਸਣ ਵਾਲੇ ਉਪ ਮੁਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਬਿਨਾਂ ਸ਼ੱਕ ਹਲਕਾ ਡੇਰਾ ਬਾਬਾ ਨਾਨਕ ਵਿਚ ਅਕਾਲੀਆਂ ਲਈ ਵੱਡੀ ਸਿਰਦਰਦੀ ਬਣੇ ਪਏ ਹਨ। ਹੁਣ ਜਦੋਂਕਿ ਸ. ਰਵੀਕਰਨ ਸਿੰਘ ਕਾਹਲੋਂ ਨੂੰ ਸ. ਮਜੀਠੀਆ ਦੀ ਅੜੀ ’ਤੇ ਇਕ ਤਰਫਾ ਫੈਸਲੇ ਵਿਚ ਡੇਰਾ ਬਾਬਾ ਨਾਨਕ ਤੋਂ ਚੋਣ ਮੈਦਾਨ ਵਿਚ ਉਤਾਰ ਦਿੱਤਾ ਗਿਆ ਹੈ, ਤਾਂ ਅਜਿਹੇ ਵਿਚ ਸਿਆਸੀ ਪੰਡਿਤਾਂ ਦੇ ਕੰਨ ਖੜ੍ਹੇ ਹੋ ਗਏ ਹਨ ਅਤੇ ਜਿੱਤ-ਹਾਰ ਦੇ ਕਿਆਫੇ ਹੁਣੇ ਤੋਂ ਹੀ ਲੱਗਣ ਲੱਗੇ ਹਨ। 

ਜੱਗ ਜ਼ਾਹਰ ਹੈ ਕਿ ਇਥੇ ਟਿਕਟ ਦੇ ਕਰੀਬ ਅੱਧੀ ਦਰਜਨ ਦਾਅਵੇਦਾਰ ਸਨ, ਪਰ ਪਾਰਟੀ ਨੇ ਕਾਹਲੋਂ ਪਰਿਵਾਰ ਨੂੰ ਉਪ ਮੁਖ ਮੰਤਰੀ ਨਾਲ ਟੱਕਰ ਲਈ ਭੇਜਿਆ ਹੈ। ਜਾਣਕਾਰ ਮੰਨਦੇ ਹਨ ਕਿ ਰੰਧਾਵਾ ਜਿਹੜੇ ਕਿ ਪਹਿਲਾਂ ਹੀ ਤਾਕਤਵਰ ਨੇਤਾ ਮੰਨੇ ਜਾਂਦੇ ਹਨ, ਨੂੰ ਜੇਕਰ ਅਕਾਲੀਆਂ ਨੇ ਢਾਹੁਣਾ ਹੈ, ਤਾਂ ਫਿਰ ਟਿਕਟ ਦੇ ਸਾਰੇ ਦਾਅਵੇਦਾਰਾਂ ਨੂੰ ਇੱਕ ਹੋ ਅਕਾਲੀ ਦਲ ਦੇ ਝੰਡੇ ਹੇਠ ਦੰਗਲ ਲੜਨਾ ਪਵੇਗਾ। ਵੱਡੀ ਚਰਚਾ ਹੈ ਕਿ ਜੇ ਅਕਾਲੀ ਖਿੱਲਰੇ ਰਹੇ ਤਾਂ ਉਪ ਮੁਖ ਮੰਤਰੀ ਨੇ ਕੱਲੇ-ਕੱਲੇ ਦੀ ਧੌਣ ’ਤੇ ਗੋਡਾ ਰੱਖ ਕੇ ਢਾਹੁਣੇ ਹਨ, ਕਿਉਂਕਿ ਸ. ਰੰਧਾਵਾ ਨੂੰ ਵੀ ਪਤਾ ਹੈ ਕਿ, ਡੇਰਾ ਬਾਬਾ ਨਾਨਕ, ਮਜੀਠੀਆ ਦੇ ਨੱਕ ਦਾ ਸਵਾਲ ਬਣ ਚੁੱਕਾ ਹੈ, ਇਸ ਲਈ ਉਨ੍ਹਾਂ ਵੀ ਅਕਾਲੀ ਢਾਹੁਣ ਲਈ ਕੱਚਾ ਦਾਅ ਨਹੀਂ ਲਾਉਣਾ। 

ਓਧਰ, ਜਾਣਕਾਰਾਂ ਦਾ ਮੰਨਣਾ ਹੈ, ਕਿ ਜੇ ਮਜੀਠੀਆ ਉਕਤ ਹਲਕੇ ਵਿਚ ਸਭ ਨੂੰ ਇਕਜੁਟ ਕਰਕੇ ਚੋਟੀ ਦਾ ਦਾਅ ਲਾ ਗਏ ਤਾਂ ਫਿਰ ਰੰਧਾਵਾ ਢਾਹਿਆ ਜਾ ਸਕਦਾ ਹੈ, ਵਰਨਾ ਔਖਾ ਹੈ, ਕਿਉਂਕਿ ਵੱਡਾ ਭਲਵਾਨ ਢਾਹੁਣਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਓਧਰ ਇਹ ਵੀ ਚਰਚਾ ਹੈ ਕਿ ਸ. ਸੁੱਚਾ ਸਿੰਘ ਲੰਗਾਹ, ਟਿਕਟ ਪਰਿਵਾਰ ਤੋਂ ਬਾਹਰ ਜਾਣ ਕਰਕੇ ਕੀ ਰੁਖ ਅਖਤਿਆਰ ਕਰਦੇ ਹਨ? ਚਰਚਾ ਤਾਂ ਇਹ ਵੀ ਹੈ ਕਿ ਅਕਾਲੀ ਦਲ ਨੇ ਲੰਗਾਹ ਨੂੰ ਦੋ ਟੁੱਕ ਕਹਿ ਦਿੱਤਾ ਹੈ, ਕਿ ਜੇ ਮੁੰਡੇ ਦਾ ਭਵਿੱਖ ਪਾਰਟੀ ਵਿਚ ਚੰਗਾ ਚਾਹੁੰਦੇ ਹੋ ਤਾਂ ਪਾਰਟੀ ਉਮੀਦਵਾਰ ਦੀ ਠੋਕ ਕੇ ਮਦਦ ਕਰਿਓ, ਪਰ ਜਿਹੜੇ ਲੰਗਾਹ ਨੂੰ ਨੇੜਿਓਂ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਲੰਗਾਹ ਕੀ ਸ਼ੈਅ ਹੈ ਅਤੇ ਉਹ ਬਿਨਾਂ ਗੋਟੀਆਂ ਫਿੱਟ ਕੀਤਿਆਂ ਕਿਸੇ ਅੱਗੇ ਐਂਵੇਂ ਝੁਕਣ ਵਾਲਾ ਬੰਦਾ ਨਹੀਂ। 

ਜਾਣਕਾਰਾਂ ਦੀ ਨਜ਼ਰ ਇਸ ’ਤੇ ਟਿਕੀ ਹੈ, ਕਿ ਲੰਗਾਹ ਜਿਹੜੇ ਰੰਧਾਵਾ ਨੂੰ ਆਪਣੀ ਸੀ.ਡੀ ਦਾ ਕਥਿਤ ਮਾਸਟਰ ਮਾਈਂਡ ਮੰਨਦੇ ਹਨ, ਉਨ੍ਹਾਂ ਨੂੰ ਹਰਾਉਣ ਲਈ ਕਮਰ ਕੱਸਾ ਕਰਦੇ ਹਨ ਜਾਂ ਫਿਰ ਕਾਹਲਵਾਂ ਨਾਲ ਆਪਣੀ ਪੁਰਾਣੀ ਰੰਜਿਸ਼ ਦੀ ਭਾਜੀ ਮੋੜਦੇ ਹਨ, ਜਾਂ ਫਿਰ ਪੁੱਤਰ ਦੇ ਸਿਆਸੀ ਭਵਿੱਖ ਦੀ ਚਿੰਤਾ ਕਰਦਿਆਂ ਪਾਰਟੀ ਦਾ ਆਖਾ ਮੰਨ ਰਵੀਕਰਨ ਕਾਹਲੋਂ ਨੂੰ ਜਿਤਾਉਂਦੇ ਹਨ। ਬਾਕੀ ਤਗੜੇ ਦਾਅਵੇਦਾਰ ਸ. ਖੁਸ਼ਹਾਲਪੁਰ, ਸ. ਇੰਦਰਜੀਤ ਸਿੰਘ ਰੰਧਾਵਾ ਆਦਿ ਕੀ ਰੁਖ ਅਪਣਾਉਂਦੇ ਹਨ, ਇਸ ’ਤੇ ਵੀ ਰਹੇਗੀ ਵਿਸ਼ਵ ਟੀ.ਵੀ ਨਿਊਜ਼ ਦੀ ਤਿੱਖੀ ਨਜ਼ਰ, ਹਾਲ ਦੀ ਘੜੀ ਰਵੀਕਰਨ ਕਾਹਲੋਂ ਟਿਕਟ ਲੈ ਕੇ ’ਤੇ ਖੁਸ਼ ਹੋਣਗੇ, ਲੇਕਿਨ ਉਨ੍ਹਾਂ ਨੂੰ ਪਾਰਟੀ ’ਚੋਂ ਹੀ ਵੱਡੀਆਂ ਚੁਣੌਤੀਆਂ ਪਾਰ ਲੰਘਣੀਆਂ ਪੈਣਗੀਆਂ।