👉ਕੇਜਰੀਵਾਲ ਜੀ ਛੋਟੇ ਦਾਅ ਕੁਸਤੀ,ਸਿੱਖਣ ਲਈ ਠੀਕ ਜਿੱਤਣ ਲਈ ਨਹੀਂ ।  👉ਪੰਜਾਬ ਦੀ ਮਾਲੀ ਜਿੱਤਣੀ ਹੈ,ਤਾਂ ਵੱਡਾ ਦਾਅ ਲਾਓ। 👉ਪਿਛਲੀ ਵਾਰ ਵਾਂਗ ਆਪਣਾ ਭਲਵਾਨ ਆਪ ਹੀ ਨਾਂ ਢਾਅ ਲੇਉ।   👉ਭਗਵੰਤ ਮਾਨ ਬੰਦਾ ਚੰਗਾ,ਸੀ.ਐਮ ਕੁਸ਼ਤੀ ਲਈ ਭਲਵਾਨ ਮਾੜਾ।
👉ਕੇਜਰੀਵਾਲ ਜੀ ਛੋਟੇ ਦਾਅ ਕੁਸਤੀ,ਸਿੱਖਣ ਲਈ ਠੀਕ ਜਿੱਤਣ ਲਈ ਨਹੀਂ ।
👉ਪੰਜਾਬ ਦੀ ਮਾਲੀ ਜਿੱਤਣੀ ਹੈ,ਤਾਂ ਵੱਡਾ ਦਾਅ ਲਾਓ।
👉ਪਿਛਲੀ ਵਾਰ ਵਾਂਗ ਆਪਣਾ ਭਲਵਾਨ ਆਪ ਹੀ ਨਾਂ ਢਾਅ ਲੇਉ।

👉ਭਗਵੰਤ ਮਾਨ ਬੰਦਾ ਚੰਗਾ,ਸੀ.ਐਮ ਕੁਸ਼ਤੀ ਲਈ ਭਲਵਾਨ ਮਾੜਾ।
👉ਜੁਗਾੜ ਲਾਉ ਤੇ ਪ੍ਰਤਾਪ ਬਾਜਵਾ ਵਰਗਾ ਕੋਈ ਬੰਦਾ ਲਿਆਓ।

ਚੰਡੀਗੜ੍ਹ-ਵਿਸ਼ਵ ਟੀ.ਵੀ ਨਿਊਜ਼-(ਸੈਂਡੀ ਗਿੱਲ,ਅਭੀਤੇਜ ਸਿੰਘ ਗਿੱਲ)-ਕੇਜਰੀਵਾਲ ਜੀ ਸਿਆਸੀ ਕੁਸ਼ਤੀ ਸਿੱਖਣ ਲਈ ਛੋਟੇ-ਛੋਟੇ ਦਾਅ ਕਾਰਗਰ ਸਾਬਤ ਹੋ ਸਕਦੇ ਹਨ,ਲੇਕਿਨ ਸਿਆਸੀ ਮਾਲੀ ਦੀ ਕੁਸ਼ਤੀ ਲਈ ਵੱਡਾ ਦਾਅ ਹੀ ਜਿੱਤ ਦਵਾਉਂਦਾ ਹੈ। ਇਸ ਦੀ ਉਦਾਹਰਣ ਤੁਸੀਂ ਪਿਛਲੀ ਵਾਰ 2017 ਵਿਚ ਦੇਖ ਚੁੱਕੇ ਹੋ,ਕਿ ਤੁਹਾਡਾ ਚੰਗਾ-ਭਲਾ ਭਲਵਾਨ ਸੁੱਚਾ ਸਿੰਘ ਛੋਟੇਪੁਰ ਮਾਲੀ ਦੀ ਕੁਸ਼ਤੀ ਜਿੱਤਣ ਦੇ ਬਿਲਕੁਲ ਨੇੜੇ ਪੁੱਜ ਗਿਆ ਸੀ,ਲੇਕਿਨ ਤੁਸੀਂ ਮੂਰਖ ਸਲਾਹਕਾਰਾਂ ਦੀ ਚੁੱਕ 'ਚ ਆਣ ਕੇ,ਕੁਸ਼ਤੀ ਲੜਨ ਤੋਂ ਠੀਕ ਪਹਿਲਾਂ ਆਪਣਾ ਭਲਵਾਨ ਹੀ ਆਯੋਗ ਕਰਾਰ ਦੇ ਦਿੱਤਾ,ਤੇ ਇੱਕ ਗਲਤੀ ਨਾਲ ਤੁਸੀਂ ਐਸੇ ਖੁੰਝੇ ਕੇ ਬਹੁਮਤ ਤੋਂ ਸਿੱਦਾ 20 ਸੀਟਾਂ ਤੇ ਮੂਧੇ-ਮੂੰਹ ਆਣ ਡਿੱਗੇ। ਜਿਸ ਨਾਲ ਤੁਹਾਨੂੰ ਤਾਂ ਪਤਾ ਨਹੀਂ ਕਿੰਨਾ ਕੁ ਫਰਕ ਪਿਆ ਹੋਵੇ,ਲੇਕਿਨ ਪੰਜਾਬ ਦੀ  ਅਵਾਮ ਦੀਆਂ ਤੁਹਾਡੇ ਕੋਲੋਂ ਲਾਈਆਂ ਵੱਡੀਆਂ ਉਮੀਦਾਂ ਤੇ ਇੱਕ ਵਾਰ ਤਾਂ ਪਾਣੀ ਜ਼ਰੂਰ ਫਿਰ ਗਿਆ ਸੀ। ਕੇਜਰੀਵਾਲ ਜੀ ਹੁਣ ਇਕ ਵਾਰ ਫਿਰ 2022 ਦੀ ਸਿਆਸੀ ਕੁਸ਼ਤੀ ਲਈ ਅਖਾੜਾ ਤਿਆਰ ਹੈ,ਤੇ ਤੁਹਾਡੇ ਲਈ ਸ਼ੁਭ ਸੰਕੇਤ ਇਹ ਹਨ,ਕਿ ਪਿਛਲੀ ਵਾਰ ਮਾਲੀ ਜਿੱਤਣ ਵਾਲੀ ਕਾਂਗਰਸ ਦੇ ਭਲਵਾਨ ਆਪਸ ਵਿੱਚ ਇੱਕ ਦੂਜੇ ਨੂੰ ਹੀ ਢੌਣ 'ਚ,ਏਨੇ ਰੁੱਜ ਗਏ ਹਨ,ਕਿ ਉਨ੍ਹਾਂ ਨੂੰ ਹੋਰ ਕੋਈ ਵਿਰੋਧੀ ਦਿਖਾਈ ਹੀ ਨਹੀਂ ਦੇ ਰਿਹਾ। ਓਧਰ ਭਾਜਪਾ ਕਿਸਾਨਾਂ ਨੇ ਮਿੱਟੀ ਕਰ ਛੱਡੀ ਹੈ ਅਤੇ ਅਕਾਲੀ ਦਲ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਦਾ ਸਾਇਆ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ। ਅਜਿਹੇ ਵਿਚ ਤੁਹਾਡੇ ਕੋਲ਼ ਸੁਨਹਿਰੀ ਤੇ ਸ਼ਾਇਦ ਆਖ਼ਰੀ ਮੌਕਾ ਹੈ ਮਾਲੀ ਜਿੱਤਣ ਦਾ,ਲੇਕਿਨ ਇਸ ਲਈ ਤੁਹਾਨੂੰ ਵੱਡਾ ਅਤੇ ਤਗੜਾ ਭਲਵਾਨ ਮੈਦਾਨ 'ਚ ਉਤਾਰਨਾ ਪਵੇਗਾ। ਜਾਣਕਾਰ ਮੰਨਦੇ ਹਨ,ਕਿ ਤੁਹਾਡਾ ਭਲਵਾਨ ਭਗਵੰਤ ਮਾਨ ਬੰਦਾ ਤਾਂ ਚੰਗਾ ਹੈ,ਲੇਕਿਨ ਮਾਲੀ ਦੀ ਕੁਸ਼ਤੀ ਲਈ ਪੱਟਾਂ 'ਚ ਏਨੀ ਜਾਨ ਨਹੀਂ,ਕੇ ਵਿਰੋਧੀਆਂ ਦੇ ਘੋਗੇ ਚਿੱਤ ਕਰ ਸਕੇ, ਕਿਉਂਕਿ ਫੁੱਲ ਵਾਹ ਲਾਉਣ ਦੇ ਬਾਵਜੂਦ ਭਗਵੰਤ ਮਾਨ ਅਤੇ ਸ: ਹਰਪਾਲ ਸਿੰਘ ਚੀਮਾਂ ਪੰਜਾਬ ਦੇ ਸਿਆਸੀ ਅਖਾੜੇ ਦੇ ਉਹੋ ਭਲਵਾਨ ਨਹੀਂ ਬਣ ਸਕੇ,ਜਿਹੜੇ ਵਿਰੋਧੀਆਂ ਨੂੰ ਪਹਿਲੇ ਦਾਅ 'ਚ ਹੀ ਪਟਕਨੀ ਦੇ ਸਕਣ। ਹਾਂ ਚੰਡੀਗੜ੍ਹ ਬੈਠ ਬਿਆਨਾਂ ਰਾਹੀਂ ਬੁੱਤਾ ਤਾਂ ਸਾਰ ਦਿੰਦੇ ਹਨ,ਲੇਕਿਨ ਮਾਲੀ ਦੀ ਕੁਸ਼ਤੀ ਲਈ ਚੋਟੀ ਦੇ ਭਲਵਾਨਾਂ ਵਿਚ ਆਪਣਾ ਨਾਂਅ ਬਣਾਉਣੋ ਪੂਰੀ ਤਰਾਂ ਖੁੰਝ ਗਏ। ਜਿਸ ਕਰਕੇ ਸਿਆਸੀ ਪੰਡਤ ਮੰਨਦੇ ਹਨ,ਕਿ ਐਸੇ ਭਲਵਾਨਾਂ ਤੇ ਮਾਲੀ ਦੀ ਕੁਸ਼ਤੀ ਲਈ ਵੱਡਾ ਦਾਅ ਲਾਉਣਾ 'ਆਪ' ਲਈ ਖ਼ਤਰਾ ਹੀ ਨਾਂ ਬਣ ਜਾਵੇ। ਹਾਂ ਸਿਆਸੀ ਪੰਡਤ ਇਹ ਜ਼ਰੂਰ ਆਖ ਰਹੇ ਹਨ,ਕਿ ਜੇਕਰ ਕੇਜਰੀਵਾਲ ਕਾਂਗਰਸ ਦੇ ਬੇ-ਦਾਗ,ਕੱਦਾਵਰ ਅਤੇ ਧੜੱਲੇਦਾਰ ਨੇਤਾ ਸ: ਪ੍ਰਤਾਪ ਸਿੰਘ ਬਾਜਵਾ ਵਰਗੇ ਕਿਸੇ ਬੰਦੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਅਖਾੜੇ 'ਚ ਉਤਾਰਦੇ ਹਨ,ਤਾਂ ਆਮ ਆਦਮੀ ਪਾਰਟੀ ਵੱਲੋਂ ਮਾਲੀ ਦੀ ਕੁਸ਼ਤੀ ਜਿੱਤਣ ਦੇ ਆਸਾਰ ਬਹੁਤ ਜ਼ਿਆਦਾ ਵੱਧ ਜਾਣਗੇ। ਜਾਣਕਾਰ ਇਹ ਵੀ ਕਹਿੰਦੇ ਹਨ,ਕਿ ਕੇਜਰੀਵਾਲ ਜੀ ਐਤਕੀਂ ਤੁਸੀਂ ਆਪਣੇ ਤੇ ਲੱਗਦਾ ਉਹ ਦਾਗ਼ ਵੀ ਧੋਹ ਦਿਉ, ਜਿਸ ਵਿੱਚ ਇਹ ਕਿਹਾ ਜਾਂਦਾ ਹੈ,ਕਿ ਤੁਸੀੰ ਵਨ-ਮੈਨ ਆਰਮੀ ਜਾਂ ਵਨ-ਮੈਨ ਸ਼ੋ ਦੇ ਚੱਕਰਵੀਉ ਵਿੱਚ ਬੁਰੀ ਤਰ੍ਹਾਂ ਜਕੜੇ ਪਏ ਹੋ,ਇਸ ਲਈ ਤੁਸੀਂ ਕਿਸੇ ਹੋਰ ਨੂੰ ਪਾਰਟੀ ਵਿਚ ਸਿਰ ਨਹੀਂ ਚੁੱਕਣ ਦਿੰਦੇ। ਬਾਕੀ ਤੁਸੀਂ ਸਮਝਦਾਰ ਹੋ, ਲੇਕਿਨ ਪੰਜਾਬ ਦੇ ਭਵਿੱਖ ਲਈ ਕੋਈ ਵੀ ਵੱਡਾ ਫੈਸਲਾ ਲੈਣ ਲੱਗੇ,ਇੰਨਾਂ ਖਿਆਲ ਜਰੂਰ ਰੱਖਿਉ,ਕਿ ਆਮ ਆਦਮੀ ਪਾਰਟੀ ਨਾਲ ਇੱਥੋਂ ਦੇ ਲੱਖਾਂ ਮਰਜੀਵੜੇ ਲੋਕਾਂ ਦੀਆਂ ਭਾਵਨਾਵਾਂ ਅਤੇ ਵੱਡੀਆਂ ਆਸਾਂ ਫੇਰ ਤੋਂ ਜੁੜੀਆਂ ਹਨ,ਤੇ ਉਹਨਾਂ ਨੂੰ  ਦੁਬਾਰਾ ਠੇਸ ਨਾ ਪੁੱਜੇ।